“ਪਰੈਸੀਪਲ ਸਾਬ ਨੇ ਚਾਹ ਲਈ ਬੜਾ ਜ਼ੋਰ ਲਾਇਆ। ਪਰ ਮੈਂ ਕਿਹਾ ਚਾਹ ਤਾਂ ਜੀ ਮੈਂ ਬਾਊ ਜੀ ਕੋਲ੍ਹ ਹੀ ਪੀਊੰਗਾ।” ਮੀਰ ਅਕਸਰ ਦਫਤਰ ਵਿੱਚ ਆਕੇ ਮੈਨੂੰ ਕਹਿੰਦਾ ਤੇ ਮੈਂ ਸਮਝ ਜਾਂਦਾ ਅਤੇ ਚਾਹ ਦਾ ਆਰਡਰ ਦੇ ਦਿੰਦਾ। ਉਹ ਬਹੁਤ ਗੱਲਾਂ ਮਾਰਦਾ। ਉਹ ਪਿੰਡ ਬਾਦਲ ਦਾ ਮਰਾਸੀ ਜੋ ਸੀ। ਉਸਦਾ ਪੂਰਾ ਨਾਮ ਅਬਦੁਲ ਗ਼ਫ਼ੂਰ ਸੀ ਤੇ ਸਾਡੇ ਸਕੂਲ ਦੀ ਲੇਡੀ ਪੀਅਨ ਸ਼ੀਦੋ ਬੀਬੀ ਦਾ ਮੀਆਂ ਸੀ। ਸ਼ੀਦੋ ਦਾ ਪੂਰਾ ਨਾਮ ਰਸ਼ੀਦਾ ਬੇਗਮ ਸੀ। ਉਹ ਮੇਰੇ ਨੌਕਰੀ ਲੱਗਣ ਤੋਂ ਪਹਿਲ਼ਾਂ ਦੀ ਸਕੂਲ ਵਿੱਚ ਬਤੌਰ ਲੇਡੀ ਪੀਅਨ ਕੰਮ ਕਰਦੀ ਸੀ ਡੇਲੀ ਵੇਜਿਜ ਤੇ। ਦਸ ਰੁਪਏ ਦਿਹਾੜੀ ਸੀ ਉਸਦੀ। ਪਰ ਓਹ ਸਾਡੇ ਜੋਰ ਲਾਉਣ ਦੇ ਬਾਵਜੂਦ ਵੀ ਕਦੇ ਪੂਰਾ ਮਹੀਨਾ ਨਾ ਕਰਦੀ। ਛੁੱਟੀਆਂ ਬਹੁਤ ਕਰਦੀ ਸੀ। ਅਕਸਰ ਲੇਟ ਹੀ ਆਉਂਦੀ ਤੇ ਮਹੀਨੇ ਚ ਕਈ ਛੁੱਟੀਆਂ ਮਾਰਦੀ। ਕੋਈਂ ਵੀ ਪ੍ਰਿੰਸੀਪਲ ਉਸਨੂੰ ਰੈਗੂਲਰ ਤੇ ਪੰਕਚੂਅਲ ਨਾ ਕਰ ਸਕਿਆ। ਸੈਣੀ ਸਾਹਿਬ ਵਰਗਾ ਸਖਤ ਐਡਮੀਨਿਸਟਰੇਟਰ ਵੀ ਉਸ ਅੱਗੇ ਫੇਲ ਹੋ ਗਿਆ। ਬਾਕੀਆਂ ਤੋਂ ਤਾਂ ਹੋਣਾ ਹੀ ਕੀ ਸੀ। ਬੀਬੀ ਦੀ ਕਬੀਲਦਾਰੀ ਵੱਡੀ ਸੀ ਸ਼ਾਇਦ ਛੇ ਸੱਤ ਕੁੜੀਆਂ ਤੇ ਇੱਕ ਮੁੰਡਾ ਸ਼ੀਰਾ ਖਾਨ ਅਤੇ ਦੋ ਜਾਂ ਤਿੰਨ ਨਨਾਣਾਂ। ਕੋਈ ਨਾ ਕੋਈਂ ਘਰੇਲੂ ਕੰਮ ਪਿਆ ਹੀ ਰਹਿੰਦਾ। ਬਾਕੀ ਘਰ ਦੇ ਕੰਮਾਂ ਤੋਂ ਇਲਾਵਾ ਉਸਦਾ ਸਾਰੇ ਸਰਦਾਰਾਂ ਘਰੇ ਆਉਣ ਜਾਣ ਸੀ। ਉਹਨਾਂ ਦੇ ਵਿਆਹ ਸ਼ਾਦੀਆਂ ਤੇ ਉਹ ਸਰਦਾਰਨੀਆਂ ਨਾਲ ਪੰਦਰਾਂ ਪੰਦਰਾਂ ਦਿਨ ਲ਼ਾ ਲਾਉਂਦੀ। ਸਰਦਾਰਨੀਆਂ ਵੀ ਉਸਨੂੰ ਮਹਿੰਗੇ ਸੂਟਾਂ ਤੋਂ ਇਲਾਵਾ ਕੋਈਂ ਸੋਨੇ ਦਾ ਟੂਮ ਛੱਲਾ ਹੀ ਦਿੰਦੀਆਂ ਹੀ ਰਹਿੰਦੀਆਂ। ਕਿਉਂਕਿ ਉਹ ਜਾਣਦੀਆਂ ਸਨ ਕਿ ਮਰਾਸੀ ਬਹੁਤ ਖੁੱਲ੍ਹਕੇ ਵਿਡੀਆਈ ਕਰਦੇ ਹਨ। ਸਭ ਕੋਲ੍ਹ ਗੁਣ ਗਾਉਂਦੇ ਹਨ। ਹਰੇਕ ਨੂੰ ਹੁੱਭਕੇ ਦੱਸਦੇ ਹਨ। ਸ਼ੀਦੋ ਬੀਬੀ ਵੀ ਸਭ ਨੂੰ ਦੱਸਦੀ ਕਿ ਫਲਾਣੇ ਸਰਦਾਰਾਂ ਨੇ ਮੈਨੂੰ ਆਹ ਮੁੰਦਰੀ ਪਾਈ ਹੈ। ਵਿਆਹ ਹੀ ਨਹੀਂ ਬੀਬੀ ਸਰਦਾਰਨੀਆਂ ਨਾਲ ਮਰਨਿਆ ਤੇ ਵੀ ਜਾਂਦੀ। ਵੈਣ ਪਾਉਂਦੀ। ਇਹ ਵੀ ਸਰਦਾਰੀ ਦਾ ਹਿੱਸਾ ਹੁੰਦਾ ਹੈ। ਇਹ ਸਹਾਇਕ ਵਜੋਂ ਨਾਲ ਜਾਂਦੀ ਤੇ ਸਾਰੇ ਕੰਮ ਸੰਭਾਲਦੀ। ਵੱਡੇ ਬਾਦਲ ਸਾਹਿਬ ਇਹ੍ਹਨਾਂ ਦਾ ਬਹੁਤ ਕਰਦੇ। ਉਹ ਅਕਸਰ ਮੀਰ ਸਾਹਿਬ ਆਖਕੇ ਵੀਡਿਆਉਂਦੇ। ਵੱਡੀ ਬੀਬੀ ਵੀ ਆਉਂਦੀ ਜਾਂਦੀ ਜਰੂਰ ਬਲਾਉਂਦੀ। ਪਰਿਵਾਰ ਦੀ ਖੈਰੀਅਤ ਪੁੱਛਦੀ ਅਤੇ ਸਹਾਇਤਾ ਵੀ ਕਰਦੀ। ਬੀਬੀ ਸ਼ੀਦੋ ਹਿੰਮਤੀ ਤੇ ਦਲੇਰ ਔਰਤ ਸੀ ਉਹ ਆਪਣੀਆਂ ਕੁੜੀਆਂ, ਨੂੰਹ, ਪੋਤੀਆਂ ਨੂੰ ਸਕੂਲ ਵਿੱਚ ਕਿਸੇ ਨਾ ਕਿਸੇ ਕੰਮ ਤੇ ਲਗਵਾ ਲੈਂਦੀ। ਬੀਬੀ ਸਮਝਦਾਰ ਵੀ ਬਹੁਤ ਸੀ। ਉਹ ਪੁਰਾਣੀ ਸਿਆਣੀ ਔਰਤ ਸੀ। ਉਸਨੇ ਘਾਟ ਘਾਟ ਦਾ ਪਾਣੀ ਚਾਹੇ ਨਹੀਂ ਸੀ ਪੀਤਾ ਪ੍ਰੰਤੂ ਵੱਡਿਆਂ ਕੋਲ੍ਹ ਰਹਿਣ ਕਰਕੇ ਬਹੁਤ ਕੁਝ ਸਿੱਖ ਗਈ ਸੀ। ਉਸਦਾ ਪਿੱਛਾ ਜਲਾਲ ਪਿੰਡ ਦਾ ਸੀ। ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਘਰਾਂ ਚੋਂ ਉਸਦਾ ਭਰਾ ਲੱਗਦਾ ਸੀ। ਬੀਬੀ ਅਤੇ ਉਸਦੇ ਬੱਚੇ ਸੋਹਣਾ ਗਾ ਲੈਂਦੇ ਸਨ। ਇਹ੍ਹਨਾਂ ਨੂੰ ਗਾਉਣ ਦਾ ਵਰਦਾਨ ਮਿਲਿਆ ਹੋਇਆ ਹੈ। ਬੀਬੀ ਦਾ ਇਕਲੌਤਾ ਪੁੱਤ ਸੀਰਾ ਖਾਨ ਸੋਹਣਾ ਗਾਉਂਦਾ ਸੀ ਪ੍ਰੰਤੂ ਉਹ ਸ਼ਰਾਬ ਦੀ ਭੇਟ ਚੜ੍ਹ ਗਿਆ। ਭਰ ਜਵਾਨੀ ਵਿੱਚ ਉਹ ਖੁਦਾ ਨੂੰ ਪਿਆਰਾ ਹੋ ਗਿਆ। ਘਰਵਾਲੀ ਅਤੇ ਜਵਾਨ ਧੀਆਂ ਨੂੰ ਬੇਸਹਾਰਾ ਛੱਡ ਗਿਆ। ਇਹ ਬੀਬੀ ਲਈ ਬਹੁਤ ਵੱਡਾ ਸਦਮਾ ਸੀ। ਸਾਰੀ ਕਬੀਲਦਾਰੀ ਬੀਬੀ ਹੀ ਚਲਾਉਂਦੀ ਸੀ। ਮੀਰ ਤਾਂ ਅਸਲ ਮਰਾਸੀ ਸੀ। ਉਹ ਗੱਲਾਂ ਦਾ ਖੱਟਿਆ ਖਾਂਦਾ। ਘਰ ਦਾ ਉੱਕਾ ਬੋਝ ਨਹੀਂ ਸੀ ਉਸਤੇ। ਪੁੱਤ ਦੀ ਮੌਤ ਤੋਂ ਬਾਦ ਬੀਬੀ ਥੋੜਾ ਦਬ ਗਈ ਪਰ ਜਲਦੀ ਹੀ ਸੰਭਲ ਗਈ। ਕਿਉਂਕਿ ਉਹ ਪੂਰੇ ਪਰਿਵਾਰ ਦੀ ਧੁਰੀ ਸੀ। ਕਹਿੰਦੇ ਬੀਬੀ ਪੰਦਰਾਂ ਕੁ ਦਿਨਾਂ ਬਾਅਦ ਛੋਲਿਆਂ ਦੇ ਦਾਣੇ ਜਿੰਨੀ ਨਾਗਨੀ ਖਾਂਦੀ ਸੀ। ਉਸ ਨਾਲ ਮਾੜੀ ਮੋਟੀ ਬਿਮਾਰੀ ਬੀਬੀ ਦੇ ਨੇੜੇ ਨਾ ਆਉਂਦੀ। ਉਹ ਹਰ ਵਕਤ ਨੋ ਬਰ ਨੋ ਰਹਿੰਦੀ। ਜਦੋਂ ਜੋਸ਼ ਵਿੱਚ ਹੁੰਦੀ ਤਾਂ ਆਪਣਾ ਕੰਮ ਬੜੀ ਫੁਰਤੀ ਨਾਲ ਕਰਦੀ। ਕਈ ਵਾਰੀ ਉਹ ਸਟੂਲ ਤੇ ਬੈਠੀ ਬੈਠੀ ਸੌਂ ਜਾਂਦੀ ਉਸਨੂੰ ਝਪਕੀ ਆ ਜਾਂਦੀ। ਪਰ ਓਹ ਮੰਨਦੀ ਨਾ, ਮੁੱਕਰ ਜਾਂਦੀ। “ਮੇਰੀ ਸੁਰਤੀ ਲੱਗ ਗਈ ਸੀ। ਗੁਰੂ ਦੀ ਸੋਂਹ ਮੈ ਸੁੱਤੀ ਨਹੀਂ।” ਉਹ ਗੁਰੂ ਦੀ ਸੋਂਹ ਬਹੁਤ ਖਾਂਦੀ ਸੀ। ਕਈ ਵਾਰੀ ਉਹ ਗਲਤ ਘੰਟੀ ਮਾਰ ਦਿੰਦੀ। ਜਾਂ ਬੇਟਾਇਮੀ ਛੁੱਟੀ ਕਰ ਦਿੰਦੀ। ਫਿਰ ਹੱਸਕੇ ਗੱਲ ਸੰਭਾਲ ਲੈਂਦੀ। ਜਵਾਂ ਅਨਪੜ੍ਹ ਬੀਬੀ ਪਹਿਲ਼ਾਂ ਅੰਗੂਠਾ ਲਾਉਂਦੀ ਸੀ ਫਿਰ ਉਹ ‘ਰਸੀਦਾ’ ਲਿਖਣਾ ਸਿੱਖ ਗਈ। ਉਹ ਦਸਖਤ ਕਰਦੀ ਅਤੇ ਕਦੇ ਕਦੇ ਬੀਬੀ ਪਬਲਿਕ ਸਕੂਲ ਚ ਹੋਣ ਕਰਕੇ ਅੰਗਰੇਜ਼ੀ ਦੇ ਲਫ਼ਜ਼ ਵੀ ਵਧੀਆ ਬੋਲਦੀ। ਬੀਬੀ ਦਾ ਪੋਤਾ ਵਧੀਆ ਗਾਇਕ ਨਿਕਲਿਆ। ਉਸਨੇ ਟੀਵੀ ਸ਼ੋਅ ਦਾ ਕੋਈਂ ਟਾਈਟਲ ਜਿੱਤਿਆ। ਫਿਰ ਉਹ ਬਹੁਤ ਮਕਬੂਕ ਹੋਇਆ। ਪਰ ਫਿਰ ਪਤਾ ਨਹੀਂ ਉਹ ਕਿੱਧਰ ਨਿਕਲ ਗਿਆ। ਅੱਜਕੱਲ੍ਹ ਬੀਬੀ ਦੀ ਪੋਤੀ ਖੋਰੇ ਦੋਹਤੀ ਅਫਸਾਨਾ ਖਾਨ ਪੰਜਾਬ ਦੀ ਨਾਮਵਰ ਗਾਇਕਾ ਹੈ। ਇਹ ਸਭ ਬੀਬੀ ਦਾ ਹੀ ਪ੍ਰਤਾਪ ਹੈ। ਇਹ ਬੀਬੀ ਸ਼ੀਦੋ ਦੀ ਵੇਲ ਦਾ ਹਿੱਸਾ ਹੈ। ਪਿੰਡ ਬਾਦਲ ਵਿੱਚ ਬੀਬੀ ਦਾ ਛੋਟਾ ਜਿਹਾ ਘਰ ਸੀ ਜਿੱਥੇ ਉਹ ਆਪਣੀ ਜਿੰਦਗੀ ਦੇ ਅਖੀਰਲੇ ਸਾਲ ਗੁਜਾਰਦੀ। ਆਪਣੀ ਸੇਵਾਮੁਕਤੀ ਤੋਂ ਬੀਬੀ ਨੇ ਆਪਣੇ ਆਪ ਨੂੰ ਆਹਰੇ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਿੰਦਗੀ ਦੇ ਦੁੱਖਾਂ ਦੀ ਭੰਨੀ ਬੀਬੀ ਮੁੜ ਖੜੀ ਨਾ ਹੋ ਸਕੀ ਅਤੇ ਇੱਕ ਦਿਨ ਉਹ ਵੀ ਖ਼ਾਕ ਹੋ ਗਈ। ਬੀਬੀ ਸਭ ਦੀ ਬੀਬੀ ਸੀ। ਭਾਵੇਂ ਉਸਨੂੰ ਬੀਬੀ ਸ਼ੀਦੋ ਆਖਦੇ ਪਰ ਉਸਦੀ ਔਲਾਦ, ਪੋਤੀਆਂ, ਦੋਹਤੀਆਂ, ਪੋਤਾ ਅਤੇ ਹੋਰ ਨੇੜਲੇ ਬੀਬੀ ਹੀ ਆਖਦੇ ਸਨ। ਬੀਬੀ ਸ਼ੀਦੋ ਵਰਗੇ ਕਿਰਦਾਰ ਬਹੁਤ ਘੱਟ ਪੈਦਾ ਹੁੰਦੇ ਹਨ। ਗਰੀਬੀ ਦੇ ਭੰਨੇ ਆਪਣੀ ਜਿੰਦਗੀ ਪੂਰੀ ਕਰ ਜਾਂਦੇ ਹਨ ਪਰ ਕੋਈਂ ਇਹ੍ਹਨਾਂ ਨੂੰ ਬਹੁਤਾ ਯਾਦ ਨਹੀਂ ਕਰਦਾ।
ਰਮੇਸ਼ ਸੇਠੀ ਬਾਦਲ