ਸ਼ੱਕ ਦੀ ਸਿਉਂਕ

ਤਾਈ ਬਚਨੀ ਸਾਹੋ ਸਾਹ ਭੱਜੀ ਜਾ ਰਹੀ ਸੀ ਕਿ ਸੀਤੋ ਨੇ ਪੁੱਛਿਆ, “ਬਚਨੀਏ, ਨੀਂ ਕੀ ਹੋਇਆ ਤੈਨੂੰ, ਐਂ ਸਾਹੋ ਸਾਹ ਹੋਈ ਫਿਰਦੀ ਐਂ, ਕਿਤੇ ਭੱਜੀ ਜਾਂਦੀ ਗੋਡੇ ਗਿੱਟੇ ਨਾਂ ਭਨਾ ਬਹੀਂ।”ਬਚਨੀ ਮਸਾਂ ਹੀ ਬੋਲੀ,”ਨੀਂ ਸੀਤੋ, ਆਹ, ਪੱਕੇ ਘਰ ਵਾਲਿਆਂ ਦੇ ਮਿੰਦਰ ਨੇ ਆਪਣੀ ਘਰਵਾਲੀ ਗੁਰਮੀਤੋ ਦਾ ਕੁਹਾੜੀ ਮਾਰ ਕੇ ਸਿਰ ਭੰਨਤਾ, ਉਹਨੂੰ ਦੇਖਣ ਚੱਲੀ ਆਂ।”
ਸੀਤੋ ਬੋਲੀ, “ਬਚਨੀਏ, ਹਾਂ ਇਹ ਤਾਂ ਜਏ ਖਾਣੇ ਮਿੰਦਰ ਨੇ ਅਨਰਥ ਕਰਤਾ, ਗੁਰਮੀਤੋ ਨੂੰ ਤਾਂ ਹਸਪਤਾਲ ਨੂੰ ਲੈ ਗੇ ਚੱਕ ਕੇ, ਕਹਿੰਦੇ ਨੇ ਕਿ ਉਹ ਤਾਂ ਮਰ ਮੁੱਕ ਗਈ ਸੀ, ਕੁਹਾੜੀ ਵੱਜਦਿਆਂ ਹੀ… ਹਸਪਤਾਲ ਤਾਂ ਕਹਿੰਦੇ ਪੋਸਟ ਮਾਰਟਮ ਕਰਨ ਲਈ ਲੈ ਗੇ ਤੇ ਮਿੰਦਰ ਨੂੰ ਪੁਲਿਸ ਫੜ ਕੇ ਲੈ ਗੀ, ਹੁਣ ਰੋਂਦਾ ਸੀ ਭੁੱਬਾਂ ਮਾਰਦਾ ਸੀ।”
ਨੀਂ, ਇਹ ਚੰਦਰਾ ਉਹਦੇ ਤੇ ਸ਼ੱਕ ਕਰਦਾ ਸੀ, ਗਲੀ ਵਿੱਚ ਕਿਸੇ ਤੀਵੀਂ ਨੂੰ ਵੀ ਬੁਲਾ ਲੈਂਦੀ ਤਾਂ ਵੀ ਕੁੱਟਦਾ ਮਾਰਦਾ ਸੀ, ਕਿਸੇ ਬੰਦੇ ਨੂੰ ਤਾਂ ਬੁਲਾਉਣ ਦੀ ਉਹ ਹਿੰਮਤ ਹੀ ਨੀਂ ਸੀ ਕਰਦੀ … ਹੋਰ ਤਾਂ ਹੋਰ ਉਹਦੇ ਸਕੇ ਭਰਾਵਾਂ ਤੇ ਵੀ ਸ਼ੱਕ ਹੀ ਕਰਦਾ ਸੀ.. ਜੇ ਉਹਦੇ ਪੇਕਿਓਂ ਵੀ ਕੋਈ ਚਾਚੀ ਮਾਸੀ ਦਾ ਪੁੱਤ ਭਰਾ ਆ ਜਾਂਦਾ ਸੀ ਤਾਂ ਵੀ ਉਹਨੂੰ ਇਹਦਾ ਯਾਰ ਈ ਦੱਸਦਾ ਸੀ, ਇੱਥੇ ਸੌਹਰਿਆਂ ‘ਚ ਤਾਂ ਉਹ ਵਿਚਾਰੀ  ਕਿਸੇ ਦੇ ਮੂੰਹ ਮੱਥੇ ਵੀ ਨੀਂ ਸੀ ਲਗਦੀ, ਨਾਂ ਕਿਸੇ ਨੂੰ ਆਪਣਾ ਦੁਖੜਾ ਸੁਣਾਉਂਦੀ ਸੀ, ਅੰਦਰੋਂ ਅੰਦਰੀ ਓਸ ਸ਼ੱਕੀ ਘਰਵਾਲੇ ਦਾ ਜ਼ੁਲਮ ਸਹਾਰਦੀ ਸੀ, ਧੁਖਦੀ ਰਹਿੰਦੀ ਸੀ ਗਿੱਲੇ ਗੋਹੇ ਵਾਂਗੂ, ਨਿੱਤ ਕੁੱਟ ਮਾਰ ਸਹਿੰਦੀ ਸੀ, ਆਹ ਪਿਛਲੇ ਮਹੀਨੇ ਮੈਂ ਓਧਰੋਂ ਲੰਘੀ, ਉਹਦੇ ਘਰ ਮੁਹਰਿਓਂ, ਤਾਂ ਵੀ ਇਹ ਚੰਦਰਾ ਕਸਾਈਆਂ ਵਾਂਗੂ ਉਹਨੂੰ ਝੰਬੀ ਜਾਂਦਾ ਸੀ, ਉਹ ਰੋਂਦੀ ਰੋਂਦੀ ਬੋਲੀ ਜਾਂਦੀ ਸੀ,”ਮੈਂ ਤੈਥੋਂ ਬਿਨਾਂ ਕਿਸੇ ਹੋਰ ਮਰਦ ਨੂੰ ਵੇਹਂਦੀ ਤੱਕ ਨੀਂ… ਪਰ ਤੈਨੂੰ ਮੇਰੇ ਤੇ ਸਾਰੀ ਉਮਰ ਸ਼ੱਕ ਹੀ ਰਿਹਾ.. ਸ਼ੱਕ ਦੀ ਸਿਉਂਕ ਤੇਰੀ ਮੈਨੂੰ ਅੰਦਰੋਂ ਅੰਦਰੀ ਖਾਈ ਜਾਂਦੀ ਆ, ਜੇ ਮੈਂ ਕਿਸੇ ਹੋਰ ਕੋਲ ਹੀ ਜਾਣਾ ਹੁੰਦਾ ਤਾਂ ਮੈਂ ਤੇਰੇ ਲੜ ਕਿਉਂ ਲਗਦੀ… ਚੰਦਰਿਆ ਮਿੰਦਰਾ, ਤੇਰਾ ਇਹੀ ਸ਼ੱਕ ਕਿਸੇ ਦਿਨ ਮੈਨੂੰ ਮਾਰ ਮੁਕਾਏਗਾ… ਫੇਰ ਪਛਤਾਏਂਗਾ ਅੱਖਾਂ ਚ ਘਸੁੰਨ ਦੇ ਕੇ… ਮੇਰੀ ਮਰੀ ਪਿੱਛੋਂ ਹੀ ਤੇਰਾ ਸ਼ੱਕ ਮਿਟਣਾ…। “
      “ਤੇ ਅੱਜ.. ਅੱਜ ਸੱਚੀਓਂ ਈ ਮਿੰਦਰ ਦੇ ਸ਼ੱਕ ਨੇ ਹੀ ਉਹਦਾ ਘਰ ਪੱਟਤਾ… ਚੰਦਰੀ ਗੁਰਮੀਤੋ ਤਾਂ ਜਵਾਨੀਓਂ ਗਈ ਹੀ ਗਈ… ਹੁਣ ਆਪ ਵੀ ਜੇਲ ਚ ਬੈਠਾ ਚੱਕੀਆਂ ਚਲਾਊਂ ਨਾਲ਼ੇ ਰਹਿੰਦੀ ਉਮਰ ਤੱਕ ਪਛਤਾਵੇ ਦੀ ਅੱਗ ਵਿੱਚ ਸੜਦਾ ਰਹੂ। ” ਬਚਨੀ ਅੱਖਾਂ ਪੂੰਝਦੀ ਬੋਲੀ।
ਸੀਤੋ ਨੇ ਵੀ ਹੁੰਗਾਰਾ ਭਰਦਿਆਂ ਕਿਹਾ, “ਹਾਂ ਬਚਨੀਏ, ਇਹ ਸ਼ੱਕ ਤਾਂ ਭੈੜੀ ਲਾਇਲਾਜ ਬਿਮਾਰੀ ਆ, ਇਹ ਤਾਂ ਸਿਉਂਕ ਵਾਂਗੂ ਬੰਦੇ ਦੀ ਬੁੱਧ ਨੂੰ ਖਾ ਜਾਂਦੀ ਆ, ਸ਼ੱਕੀ ਬੰਦਾ ਆਪਣੇ ਹੋਸ਼ ਹਵਾਸ ਖੋ ਕੇ ਆਪਣੇ ਪੈਰਾਂ ਤੇ ਹੀ ਕੁਹਾੜੀ ਮਾਰ ਬਹਿੰਦਾ।”
ਬੀਨਾ ਬਾਵਾ
Share: