ਤੁਸੀਂ ਕਦੇ ਖਾਧੀ ਏ ਇਹੋ ਜਿਹੀ ਪਾਰਟੀ ?

ਕਈ  ਸਾਲ ਪਹਿਲਾਂ ਦੀ ਗੱਲ ਹੈ ਅਸੀਂ ਇਸ ਗਲੀ ਵਿੱਚ ਨਵੇਂ ਨਵੇਂ ਦੋ ਮਕਾਨ ਬਨਾਏ ਸਨ । ਇੱਕ ਮਕਾਨ ਵਿੱਚ  ਛੋਟੇ ਭਰਾ ਦੇ ਪਰਿਵਾਰ ਨੇ  ਵਸੋਂ ਕਰ ਲਈ  ਤੇ  ਦੂਜੇ ਚ ਸਾਡੇ ਪਰਿਵਾਰ ਨੇ | ਸਾਡੇ ਮਕਾਨ ਦੇ ਬਿਲਕੁਲ ਸਾਹਮਣੇ ਇੱਕ  ਪਰਿਵਾਰ ਰਹਿੰਦਾ ਹੈ, ਜਿਹਨਾਂ ਦੇ ਇੱਕ ਨੌਜਵਾਨ ਮੁੰਡੇ ਨੇ ਮੇਰੇ ਸਾਹਮਣੇ ਹੀ  ਸਾਡੇ ਗਵਾਂਢ ਰਹਿਣ ਵਾਲੇ ਇੱਕ ਸ਼ਰੀਫ਼ ਜਿਹੇ ਬਜੁਰਗ ਦੀ ਬਹੁਤ ਹੀ ਛੋਟੀ ਜਿਹੀ ਤੇ ਜਾਇਜ਼ ਗੱਲ ਤੋਂ ਬੇਮਤਲਬ  ਹੀ ਬਹੁਤ ਬੇਜ਼ਤੀ ਕਰ ਦਿਤੀ , ਜੋ ਮੇਰੇ ਤੋਂ ਬਰਦਾਸ਼ਤ ਨਾ ਹੋਈ ਤੇ ਮੈਂ ਉਸ ਨੌਜਵਾਨ ਦੀ ਭੁਗਤ ਸਵਾਰ ਦਿਤੀ |
                                                     ਕੁਝ ਦਿਨਾਂ ਬਾਦ ਹੀ ਉਸ ਨੌਜਵਾਨ ਦਾ ਵਿਆਹ ਸੀ |ਉਸ ਪਰਿਵਾਰ ਨੇ ਨਰਾਜਗੀ ਕਾਰਨ ਮੇਰੇ ਛੋਟੇ ਭਰਾ ਨੂੰ ਵਿਆਹ ਦਾ ਕਾਰਡ ਦੇ ਦਿੱਤਾ , ਪਰ  ਸਾਨੂੰ ਨਾ ਬੁਲਾਇਆ |ਵਿਆਹ ਸੁਖਸੁਖਾਂ ਨਾਲ ਬੀਤ ਗਿਆ ਤੇ ਜਿੰਦਗੀ ਆਮ ਵਾਂਗ ਚੱਲਦੀ ਰਹੀ ।
                                                    ਇੱਕ ਦਿਨ ਮੈਂ ਰਾਤ ਦਾ ਖਾਣਾ ਖਾਕੇ ਸੌਂਣ  ਦੀ ਤਿਆਰੀ ਹੀ ਕਰ ਰਿਹਾ ਸਾਂ ਕਿ ਉਸ ਲੜਕੇ ਦੇ ਮਾਂ ਪਿਓ ਮੇਰੇ ਕੋਲ ਘਰ ਆ ਗਏ |ਉਹ ਬਹੁਤ ਡਰੇ ਹੋਏ ਸਨ |ਉਹਨਾਂ ਦੱਸਿਆ ਕਿ ਉਹਨਾਂ ਦੀ ਨੂੰਹ ਫੇਰਾ ਪਾਉਣ ਗਈ ਵਾਪਸ ਨਹੀਂ ਆਈ ਤੇ ਉਹਨਾਂ ਉੱਪਰ ਮਾਰਕੁੱਟ ਤੇ ਤੰਗ ਕਰਨ ਦਾ ਇਲਜ਼ਾਮ ਲਗਾਕੇ ਆਪਣੇ ਸ਼ਹਿਰ ਦੇ ਪੁਲਿਸ ਅਫਸਰ ਕੋਲ ਸ਼ਿਕਾਇਤ ਕਰ ਦਿੱਤੀ ਹੈ | ਕੱਲ੍ਹ ਪੁਲਿਸ ਥਾਣੇ ਦੀ ਮਹਿਲਾ ਵਿਭਾਗ ਦੀ ਮੁਖੀ ਨੇ ਹਾਜ਼ਿਰ ਹੋਣ ਲਈ ਕਿਹਾ ਹੈ |
                                                     ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਅਗਰ ਕੋਈ ਲੜਾਈ ਝਗੜੇ ਵਾਲੀ ਗੱਲ ਹੋਈ ਹੁੰਦੀ ਤਾਂ ਸਾਡਾ ਘਰ ਬਿਲਕੁਲ ਸਾਹਮਣੇ ਹੋਣ ਕਰਕੇ ਥੋੜੀ ਬਹੁਤੀ ਭਿਣਕ ਜਰੂਰ ਲਗਦੀ , ਪਰ ਅਸੀਂ ਤਾਂ ਕਦੇ ਕੋਈ ਗੱਲ ਨਹੀਂ ਹੁੰਦੀ ਸੁਣੀ |ਮੈਂ ਉਹਨਾਂ ਨੂੰ ਕਿਹਾ ਕਿ ਪੁਲਿਸ ਦਾ ਮਹਿਲਾ ਵਿਭਾਗ ਇਹੋ ਜਿਹੇ ਕੇਸਾਂ ਵਿੱਚ ਨਰਾਜ਼ ਜੋੜਿਆਂ ਨੂੰ ਸਮਝਾ ਬੁਝਾ ਕੇ ਰਾਜ਼ੀਨਾਵਾਂ  ਕਰਵਾਉਣ ਲਈ ਹੀ  ਬਣਾਇਆ ਗਿਆ ਹੈ | ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ  ਹੈ , ਉਹ ਉੱਥੇ  ਜਾਕੇ ਆਪਣਾ ਪੱਖ ਰੱਖਣ | ਪਰ ਸਿਰ ਤੇ ਪਈ ਮੁਸੀਬਤ ਨੇ ਉਹਨਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ , ਜਿਸ ਕਾਰਨ ਉਹ ਇਕੱਲੇ  ਨਹੀਂ ਸਨ ਜਾਣਾ ਚਾਹੁੰਦੇ | ਉਹਨਾਂ ਇਹ ਵੀ ਸਾਫ਼ ਸਾਫ਼ ਦੱਸ ਦਿੱਤਾ ਕਿ ਉਹਨਾਂ ਨਾਲ ਕੋਈ ਵੀ ਜਾਣ ਨੂੰ ਤਿਆਰ ਨਹੀਂ ਹੈ |
                                                        ਅਖੀਰ ਮੈਂ ਉਹਨਾਂ ਨਾਲ ਜਾਣ ਦਾ ਪ੍ਰੋਗ੍ਰਾਮ ਬਣਾ ਹੀ ਲਿਆ |ਥਾਣੇ ਜਾਕੇ ਵਿਭਾਗ ਦੀ ਇੰਚਾਰਜ ਨੂੰ ਮਿਲਕੇ ਮੈਂ ਦੱਸਿਆ ਕਿ ਮੈਂ ਇਹਨਾਂ ਦੇ ਮਕਾਨ ਦੇ ਬਿਲਕੁਲ ਸਾਹਮਣੇ ਰਹਿੰਦਾ ਹਾਂ | ਅਸੀਂ ਇੱਥੇ ਨਵੇਂ ਆਏ ਹੋਣ ਕਰਕੇ ਬੇਸ਼ੱਕ ਮੇਰੀ ਇਹਨਾਂ ਨਾਲ ਕੋਈ  ਜਾਣਕਾਰੀ ਨਹੀਂ ਹੈ , ਪਰ ਇਹਨਾਂ ਦੀ ਨੂੰਹ ਵਲੋਂ ਲਗਾਏ  ਇਲਜ਼ਾਮਾ ਵਿੱਚ  ਮੈਨੂੰ ਕੋਈ ਸਚਾਈ ਨਜਰ  ਨਹੀਂ ਆ ਰਹੀ | ਇੱਕ  ਲੰਮੀ  ਗੱਲਬਾਤ  ਤੋਂ ਬਾਦ ਮੈਂ ਅਰਜ਼ੀ ਦੇਣ ਵਾਲੀ ਕੁੜੀ ਨੂੰ ਮਿਲਣ ਦੀ ਇੱਛਾ ਜਤਾਈ ਤਾਂ ਉਸ ਮਹਿਲਾ ਪੁਲਿਸ ਅਫਸਰ ਨੇ ਮੇਰੀ ਬੇਨਤੀ ਮੰਨ ਕੇ ਮੈਨੂੰ ਇਕੱਲੇ ਨੂੰ ਇਜਾਜ਼ਤ ਦੇ ਦਿਤੀ ਤੇ ਮੁਲਾਕਾਤ ਦਾ ਇੰਤਜ਼ਾਮ ਕਰ ਦਿੱਤਾ |ਇਹ ਮੁਲਾਕਾਤ ਬਹੁਤ ਹੀ ਛੋਟੀ ਹੋਈ ਕਿਓਂਕਿ ਕੁੜੀ ਦਾ ਇੱਕੋ ਹੀ ਜਵਾਬ ਸੀ ,” ਕੋਈ ਜੋ ਮਰਜ਼ੀ ਕਰ ਲਵੇ ਮੈਂ ਉੱਥੇ ਵਾਪਸ ਨਹੀਂ ਜਾਣਾ , ਮੈਂ ਤਾਂ ਤਲਾਕ ਲੈਣਾ ਹੈ  |” ਕੁੜੀ ਦੀ ਮਾਂ ਵੀ ਉਹਦੇ ਨਾਲ ਅੜੀ ਹੋਈ ਸੀ, ਜਿਸ ਕਾਰਣ ਮੈਂ ਜ਼ਿਆਦਾ ਉਲਝਨਾ ਠੀਕ ਨਾ ਸਮਝਿਆ ਤੇ ਸਾਰੀ ਵਾਰਤਾ ਮਹਿਲਾ ਪੁਲਿਸ ਅਫਸਰ ਨੂੰ ਤੇ  ਲੜਕੇ ਦੇ ਪਰਿਵਾਰ ਨੂੰ ਦੱਸ ਦਿੱਤੀ |
                                                    ਅਖੀਰ ਦੋਵੇਂ ਧਿਰਾਂ ਤਲਾਕ ਲਈ ਰਾਜ਼ੀ ਹੋ ਗਈਆਂ ਤੇ ਪੰਚਾਇਤੀ ਤਲਾਕ ਕਰਵਾ ਦਿੱਤਾ ਗਿਆ |ਅਗਲੇ ਦਿਨ ਮੁੰਡੇ ਦਾ ਪਿਓ ਮੇਰੇ ਕੋਲ ਆਇਆ ਤੇ ਕਹਿੰਦਾ ,”  ਭਾਜੀ  ਸਾਡੇ ਤੋਂ ਵਿਆਹ ਤੇ ਬੜੀ ਵੱਡੀ  ਗਲਤੀ  ਹੋ ਗਈ ਸੀ , ਤੁਸੀਂ ਸਾਨੂੰ ਬਚਾਅ ਦਿੱਤਾ ਏ , ਅਸੀਂ ਅੱਜ ਤੁਹਾਡੀ ਪਾਰਟੀ ਕਰਨੀ ਏ |”
                                   ਮੈਂ ਕਿਹਾ , ” ਵਿਆਹ ਦੀਆਂ ਪਾਰਟੀਆਂ ਤਾਂ ਬੜੀਆਂ ਖਾਧੀਆਂ  ਨੇ , ਕਦੇ ਤਲਾਕ ਦੀ ਪਾਰਟੀ ਵੀ ਹੁੰਦੀ ਹੈ ? ਹੁਣ ਜਦੋਂ ਮੁੰਡਾ ਵਿਆਹੋਗੇ ਉਦੋਂ  ਕਰਾਂਗੇ ਪਾਰਟੀ |” ਉਸ ਮੁੰਡੇ ਦੇ ਦੂਜੇ ਵਿਆਹ ਵੇਲੇ ਸਭ ਤੋਂ ਪਹਿਲਾ ਸੱਦਾ  ਮੈਨੂੰ ਆਇਆ ਸੀ।
ਡਾਕਟਰ ਇੰਦਰਜੀਤ ਕਮਲ
Share: