ਕੁਝ ਕੁ ਮਹੀਨੇ ਪਹਿਲਾਂ ਖ਼ਬਰ ਪੜ੍ਹਨ ਨੂੰ ਮਿਲੀ ਕਿ ਹੁਸ਼ਿਆਰਪੁਰ ਵਿਖੇ ਇੱਕ ਪਿਤਾ ਵੱਲੋਂ ਪੁੱਤਰ ਨੂੰ ਏ ਸੀ ਚਲਾਉਣ ਲਈ ਕਿਹਾ , ਤਾਂ ਪੁੱਤ ਨੇ ਆਪਣੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵੱਧ ਗਈ ਕਿ ਪੁੱਤਰ ਨੇ ਪਿਓ ਤੇ ਗੋਲੀ ਚਲਾ ਦਿੱਤੀ। ਦੋ ਕੁ ਹਫ਼ਤੇ ਪਹਿਲਾਂ ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਪਿਓ ਨੇ ਆਪਣੇ ਪੁੱਤ ਤੋਂ ਦਵਾਈ ਮੰਗੀ, ਦਵਾਈ ਤਾਂ ਕੀ ਦੇਣੀ ਸੀ ਪੁੱਤ ਨੇ ਡੰਡਿਆਂ ਨਾਲ ਬਾਪ ਜ਼ਖ਼ਮੀ ਕਰ ਦਿੱਤਾ। ਰਿਸ਼ਤਿਆਂ ਦੀ ਅਹਿਮੀਅਤ ਖ਼ਤਮ ਹੋ ਚੁੱਕੀ ਹੈ ।ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਅਸੀਂ ਕੇਕ ਕੱਟ ਕੇ ਮਾਂ-ਪਿਓ ਦਿਵਸ ਮਨਾਉਂਦੇ ਹਨ। ਉੱਥੇ ਤਾਂ ਇੰਜ ਜਾਪਦਾ ਹੈ ਕਿ ਪਤਾ ਨਹੀਂ ਬੱਚਿਆਂ ਨੂੰ ਆਪਣੇ ਮਾਂ-ਬਾਪ ਨਾਲ ਕਿੰਨਾ ਲਗਾਅ ਹੈ। ਬਜ਼ੁਰਗਾਂ ਦੀ ਬੇਕਦਰੀ ਬਹੁਤ ਹੋ ਰਹੀ ਹੈ ।ਘਰ ਵਿੱਚ ਬਜ਼ੁਰਗਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਰਿਹਾ ਹੈ। ਜੋ ਬਜ਼ੁਰਗ ਵਧੀਆ ਪੈਨਸ਼ਨ ਲੈ ਰਹੇ ਹਨ ,ਉਹਨਾਂ ਨਾਲ ਘਰ ਵਿੱਚ ਮਾੜਾ ਵਤੀਰਾ ਹੋ ਰਿਹਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਹਨਾਂ ਬਜ਼ੁਰਗਾਂ ਕੋਲ ਪੈਨਸ਼ਨ ਨਹੀਂ ਹੈ, ਉਹ ਵਿਚਾਰੇ ਘਰ ਵਿੱਚ ਕਿਵੇਂ ਸਮਾਂ ਕੱਢਦੇ ਹੋਣੇ। ਮਾਂ-ਬਾਪ ਆਪ ਤੰਗੀਆਂ ਕੱਟ ਕੇ ਆਪਣੀ ਔਲਾਦ ਨੂੰ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਇਸ ਦੀ ਜਿੰਦਗੀ ਸਵਰ ਜਾਵੇਗੀ। ਬਿਰਧ ਆਸ਼ਰਮਾਂ ਦੀ ਸੰਖਿਆ ਦਿਨੋ-ਦਿਨ ਵੱਧ ਰਹੀ ਹੈ। ਘਰ ਵਿੱਚ ਬਜ਼ੁਰਗਾਂ ਨੂੰ ਇਕੱਲਾਪਣ ਬਹੁਤ ਮਹਿਸੂਸ ਹੁੰਦਾ ਹੈ ,ਕਿਉਂਕਿ ਉਨ੍ਹਾਂ ਦੀ ਗੱਲ ਕੋਈ ਸੁਨਣ ਵਾਲਾ ਨਹੀਂ ਹੁੰਦਾ ਹੈ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਂ-ਬਾਪ ਦੀ ਟੋਕਾ ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਪਿਛਲੇ ਹੀ ਹਫ਼ਤੇ ਇੱਕ ਹੋਰ ਖ਼ਬਰ ਪੜ੍ਹੀ ਕਿ ਇਕ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਿਨ ਪ੍ਰਤੀ ਦਿਨ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ। ਜਿਸ ਤਰ੍ਹਾਂ ਦਾ ਵਤੀਰਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਤਾਂ ਕੱਲ੍ਹ ਨੂੰ ਵੀ ਸਾਡੇ ਨਾਲ ਇਹੋ ਜਾ ਸਭ ਕੁੱਝ ਹੋਣਾ ਹੈ।
ਸੰਜੀਵ ਸਿੰਘ ਸੈਣੀ