ਪ੍ਰੋਫੈਸਰ (ਡਾ.) ਮੇਹਰ ਮਾਣਕ ਦੇ ਸਾਹਿਤਕ ਸਫਰ ‘ਤੇ ਇੱਕ ਛੋਟੀ ਜਿਹੀ ਝਾਤ

ਪੰਜਾਬ ਦੇ ਪੇਂਡੂ ਖੇਤਰ ਵਿੱਚ ਆਰਥਕ ਮੰਦਵਾੜੇ ਕਾਰਨ ਸੁਰੂ ਹੋਏ ਆਤਮ ਘਾਤ ਦੇ ਰੁਝਾਨ ਉੱਤੇ ਮਾਲਵਾ ਖੇਤਰ ਵਿੱਚ ਆਪਣੇ ਗੁਰੂ ਪ੍ਰੋਫੈਸਰ ਕੇ. ਗੋਪਾਲ ਅਈਅਰ ਨਾਲ ਵਰਸਦੇ ਮੀਹਾਂ ਵਿੱਚ ਦਿਨ ਰਾਤ ਖ਼ੋਜ ਕਰਕੇ ਇਸ ਮਸਲੇ ਨੂੰ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ ਆਪਣੀ ਕਿਤਾਬ ‘ਕਰਜਦਾਰੀ, ਕੰਗਾਲੀ ਕਰਨ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਆਤਮਹੱਤਿਆਵਾਂ’ (Indebtedness, Impoverishment and Suicides in Rural Punjab ) ਲਿਖਣ ਤੋਂ ਲੈਕੇ ਅਨੇਕਾਂ ਮੰਚਾਂ ਤੋਂ ਮਨੁੱਖੀ ਅਧਿਕਾਰਾਂ, ਮਜ਼ਦੂਰਾਂ ਦੇ ਮੁੱਦਿਆਂ, ਬਾਲ ਮਜ਼ਦੂਰੀ , ਦਲਿਤ ਮੁੱਦਿਆਂ ਤੋਂ ਇਲਾਵਾ ਸਮਾਜਕ ਵਿਰੋਧਾਂ ਅਤੇ ਸਮਾਜਿਕ ਅੰਦੋਲਨਾਂ ਉੱਤੇ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੇਪਰ ਪੜ੍ਹਨ ਵਾਲੇ ਪੰਜਾਬ ਦੇ ਪੁੱਤ ਦਾ ਨਾਂ ਮੇਹਰ ਮਾਣਕ ਹੈ। ਉਸ ਨੇ ਅਨੇਕਾਂ ਹੀ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਭਾਗ ਲੈਂਦਿਆਂ ਆਪਣੀ ਇੱਕ ਵੱਖਰੀ ਜਿਹੀ ਪਛਾਣ ਬਣਾਈ। ਡਾਕਟਰ ਸੁੱਚਾ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ , ਪ੍ਰੋਫੈਸਰ ਭੂਰਾ ਸਿੰਘ ‌ਘੁੰਮਣ, ਪ੍ਰੋਫ਼ੈਸਰ ਮਨਜੀਤ ਸਿੰਘ , ਪ੍ਰੋਫੈਸਰ ਯੋਗਰਾਜ ਅੰਗਰੀਸ਼( ਡੀਨ ਭਾਸ਼ਾਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ),  ਪ੍ਰੋਫੈਸਰ ਰੌਣਕੀ ਰਾਮ  ਤੋਂ ਲੈ ਕੇ ਪ੍ਰੋਫੈਸਰ ਪਾਰਥਾ ਮੁਖ਼ਰਜੀ ( ਸਾਬਕਾ ਡਾਇਰੈਕਟਰ,ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ) ਅਤੇ ਪ੍ਰੋਫੈਸਰ ਸੁਖਪਾਲ ਸਿੰਘ ( ਚੇਅਰਮੈਨ, ਫਾਰਮਜ਼ ਕਮਿਸ਼ਨ ਪੰਜਾਬ) ਤੋਂ ਹੁੰਦੇ ਹੋਏ ਅਨੇਕਾਂ ਹੀ ਮਜਬੂਨਾਂ ਦੇ ਨਾਮਵਰ ਪ੍ਰੋਫ਼ੈਸਰਾਂ ਨਾਲ਼ ਆਪਣੀਂ ਜ਼ਿੰਦਗੀ ਦੇ ਕੀਮਤੀ ਪਲ਼ ਗੁਜ਼ਾਰੇ ਅਤੇ ਆਪਣੇ ਸਮਾਜਕ ਰਿਸ਼ਤੇ ਨੂੰ ਬਰਕਰਾਰ ਰੱਖਿਆ।  ਇਨ੍ਹਾਂ ਦੋਸਤਾਂ ਵੱਲੋਂ ਤਰਾਸਿ਼ਆ ਹੋਇਆ ਉਹ ਅਕਾਦਮਿਕ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।
 ਸਮਾਜ ਵਿਗਿਆਨ ਦੇ ਖੇਤਰ ਤੋਂ ਸਾਹਿਤ ਦੇ ਖੇਤਰ ਵੱਲ ਉਹ ਅਚਾਨਕ ਨਹੀਂ ਪਰਤਿਆ ਸਗੋਂ ਇਸ ਦੇ ਪਿੱਛੇ ਉਸ ਦੇ ਪਰਿਵਾਰ ਦਾ ਸਭਿਆਚਾਰਕ ਪਿਛੋਕੜ ਅਤੇ ਦੋਸਤਾਂ ਦਾ ਦਾਇਰਾ ਹੈ। ਇਸ ਗੱਲ ਦਾ ਝਲਕਾਰਾ ਉਸ ਦੀਆਂ ਲਿਖਤਾਂ ਵਿੱਚ ਸਹਿਜੇ ਵੀ ਵੇਖਿਆ ਜਾ ਸਕਦਾ ਹੈ।  ਪਿਛਲੇ ਦੋ ਦਹਾਕਿਆਂ ਤੋਂ ਉਹ ਦਿਨ ਰਾਤ ਆਪਣੀ ਧਰਤੀ, ਬੋਲੀ, ਸਭਿਆਚਾਰ, ਆਰਥਿਕਤਾ ਅਤੇ ਰਾਜਨੀਤੀ ਉੱਤੇ ਲਿਖਦਾ ਆ ਰਿਹਾ ਹੈ। ਉਸ ਨੂੰ ਅੰਗਰੇਜ਼ੀ ਵਿੱਚ ਕੋਈ ਦਿੱਕਤ ਨਹੀਂ ਪਰ ਉਹ ਪੰਜਾਬੀ ਨੂੰ ਰੂਹੋਂ ਪਿਆਰਦਾ ਹੈ। ਉਹ ਹਨੇਰੇ ਤੇ ਪ੍ਰਛਾਵੇਂ, ਲਾਵਾ ਮੇਰੇ ਅੰਦਰ, ਸਿਦਕ ਸਲਾਮਤ, ਡੂੰਘੇ ਦਰਦ ਦਰਿਆਵਾਂ ਦੇ ਤੋਂ ਹੁੰਦਾ ਹੋਇਆ ਪੰਜਾਬ ਦੇ ਸ਼ੂਕਦੇ ਆਬ ਤੇ ਖ਼ਾਬ ਦੀ ਗੱਲ ਬੜੀ ਸ਼ਿੱਦਤ ਨਾਲ਼ ਕਰਦਾ ਹੈ। ਉਹ ਰਾਵੀ, ਝਨਾਂ, ਬਿਆਸ, ਜੇਹਲਮ, ਸਤਲੁਜ ,ਘੱਗਰ‌ ਰਾਹੀਂ ਬੜਾ ਕੁੱਝ ਕਹਿੰਦਾ ਹੋਇਆ ਵਿਰਾਸਤਾਂ ਦੀ ਵਹਿੰਗੀ ਦੀ ਬਾਤ ਪਾਉਂਦਾ ਹੈ। ਉਸ ਦੀ ਸਿਰਜਣਾ ਵਿੱਚ ਅਥਾਹ ਵੰਨਗੀ ਹੈ। ਉਹ ਪਾਵਨੁ ਨੂੰ ਆਪਣੇ ਨਾਲ ਬੰਨ ਕੇ ਤੋਰਨ ਦੀ ਸਮਰੱਥਾ ਰੱਖਦਾ ਹੈ।
 ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸ ਵੱਲੋਂ ਹਾਸਲ ਕੀਤੇ ਮੁਕਾਮ ਦੀ ਮੂੰਹ ਬੋਲਦੀ ਤਸਵੀਰ ਉਸ ਵੱਲੋਂ ਇਸੇ ਸਾਲ ਜਨਵਰੀ ਵਿੱਚ ‘ਸ਼ੂਕਦੇ ਆਬ ਤੇ ਖ਼ਾਬ ‘ ਕਿਤਾਬ ਦੇ ਰਲੀਜ਼ ਸਮੇਂ ਨਾਮਵਰ ਹਸਤੀਆਂ ਦੀ ਸ਼ਮੂਲੀਅਤ ਸੀ। ਇਸ ਕਿਤਾਬ ਨੂੰ ਰਲੀਜ ਕਰਨ ਲਈ ਪ੍ਰੋਫੈਸਰ ਪਰਵਿੰਦਰ ਸਿੰਘ ਵੀ. ਸੀ.  ਰਾਇਤ ਬਾਹਰਾ ਯੂਨੀਵਰਸਿਟੀ,  ਮੁਹਾਲੀ ਕੈਂਪਸ, ਪ੍ਰੋਫੈਸਰ ਯੋਗਰਾਜ ਅੰਗਰੀਸ਼ ਡੀਨ ਭਾਸ਼ਾਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ, ਦਵਿੰਦਰ ਬੋਹਾ ਤੋਂ ਇਲਾਵਾਂ ਪ੍ਰੋਫੈਸਰ ਮਨਜੀਤ ਸਿੰਘ  , ਪ੍ਰੋਫੈਸਰ ਜਲੌਰ ਸਿੰਘ ਖੀਵਾ, ਪ੍ਰੀਤਮ ਸਿੰਘ ਰੁਪਾਲ, ਪ੍ਰੋਫੈਸਰ ਹਰਨੇਕ ਕਲੇਰ, ਮੀਤ ਖਟੜਾ,ਰਾਮ ਆਨੰਦ ( ਮੁਹੰਮਦ ਰਫ਼ੀ ਅਵਾਰਡ ਵਿਜੇਤਾ), ਪ੍ਰੋਫੈਸਰ ਗੁਰਮੇਲ ਸਿੰਘ, ਡੀਨ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ 19, ਚੰਡੀਗੜ੍ਹ, ਪ੍ਰੋਫੈਸਰ ਭੁਪਿੰਦਰ ਸਿੰਘ ਬਰਾੜ, ਪ੍ਰੋਫੈਸਰ ਅਮਰੀਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਸ੍ਰੀ ਰਾਮ ਅਰਸ਼, ਗੁਰਦਰਸ਼ਨ ਸਿੰਘ ਮਾਵੀ,ਗੁਰਿੰਦਰ ਕਲਸੀ, ਪ੍ਰਿੰਸੀਪਲ ਸਤਨਾਮ ਸਿੰਘ ਸੋ਼ਕਰ, ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਭਰਵੇਂ ਇਕੱਠ ਵਿੱਚ ਸ਼ਾਮਲ ਹਸਤੀਆਂ ਦੀ ਲਿਸਟ ਬਹੁਤ ਲੰਮੀ ਹੈ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ( ਰਜਿ.)ਬਰਨਾਲਾ ਨੇ  1 ਸਤੰਬਰ 2024ਨੂੰ ਗੋਸ਼ਟੀ ਕਾਰਵਾਈ ਜਿਸ ਦੀ ਪ੍ਧਾਨਗੀ ਬਲਦੇਵ ਸਿੰਘ ਸੜਕਨਾਮਾ, ਬੂਟਾ ਸਿੰਘ ਚੌਹਾਨ , ਸੁਖਵਿੰਦਰ ਸਿੰਘ ਪੱਪੀ ਅਤੇ ਰਾਜਵਿੰਦਰ ਸਿੰਘ ਰਾਹੀ ਨੇ ਕੀਤੀ ਇਸ ਗੋਸ਼ਟੀ ਵਿੱਚ ਡਾ. ਭੁਪਿੰਦਰ ਸਿੰਘ ਬੇਦੀ ਨੇ ਪੇਪਰ ਪੜਿਆ ਜਿਸ ਵਿੱਚ ਮਾਲਵਿੰਦਰ ਸ਼ਾਇਰ, ਚਰਨਜੀਤ ਸਮਾਲਸਰ, ਜਗਰਾਜ ਧੌਲਾ, ਡਾ. ਰਾਮਪਾਲ ਸਿੰਘ, ਮੇਘ ਰਾਜ ਮਿੱਤਰ, ਇਕਬਾਲ ਉਦਾਸੀ, ਸੰਪੂਰਨ ਸਿੰਘ ਟੱਲੇਵਾਲੀਆ, ਸੁਰਜੀਤ ਸਿੰਘ ਦਿਹੜ , ਕਰਨ ਭਿੱਖੀ, ਦਰਸ਼ਨ ਸਿੰਘ ਗੁਰੂ, ਭੋਲਾ ਸਿੰਘ ਸੰਘੇੜਾ ਅਤੇ ਹੋਰ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਉਸ ਦੀ ਇਸ ਕਿਤਾਬ “ ਸ਼ੂਕਦੇ ਆਬ ਤੇ ਖ਼ਾਬ” ਉੱਤੇ ਡਾ. ਭੁਪਿੰਦਰ ਸਿੰਘ ਬੇਦੀ, ਡਾ.  ਅਵਤਾਰ ਸਿੰਘ ਪਤੰਗ, ਡਾ. ਅਰਵਿੰਦਰ ਕੌਰ ਕਾਕੜਾ, ਹਰਪ੍ਰੀਤ ਕੌਰ ਸੰਧੂ, ਸਰਬਜੀਤ ਧੀਰ ,  ਪ੍ਰੋ. ਬਲਜੀਤ ਕੌਰ , ਡਾ. ਗੁਰਇਕਬਾਲ ਸਿੰਘ ਅਤੇ  ਡਾ. ਮੋਹਨ ਤਿਆਗੀ ਨੇ ਨਿੱਠ ਕੇ  ਆਪਣੇ ਖੋਜ ਪੇਪਰ ਲਿਖੇ। ਇਸ ਤਰ੍ਹਾਂ ਇਹ ਕਿਤਾਬ ਸਾਹਿਤਕ ਹਲਕਿਆਂ ਦਾ ਧਿਆਨ ਖਿੱਚਦੀ ਹੋਈ ਅਕਾਦਮਿਕ ਹਲਕਿਆਂ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ। ਡਾ. ਮੇਹਰ ਮਾਣਕ  ਦੀ ਕਾਵਿਤਾ ਵਿਰਾਟ ਮਸਲਿਆਂ ਨੂੰ ਸੰਬੋਧਨ ਹੁੰਦੀ ਹੋਈ ਯਥਾਰਥਵਾਦੀ ਕਵਿਤਾ ਦੇ ਖੇਤਰ ਵਿੱਚ ਜਾ ਖੜ੍ਹਦੀ ਹੈ। ਉਹ ਆਪਣੀਆਂ ਲਿਖਤਾਂ ਨੂੰ ਮਿਲੇ ਹੁੰਗਾਰੇ ਉੱਤੇ ਤਸੱਲੀ ਮਹਿਸੂਸ ਕਰਦਾ ਵੇਖਿਆ ਜਾ ਸਕਦਾ ਹੈ।
 ਡਾਕਟਰ ਮੇਹਰ ਮਾਣਕ ਇਕੱਲਾ ਕਵਿਤਾਵਾਂ ਦੇ ਖੇਤਰ ਵਿੱਚ ਹੀ ਸਰਗਰਮ ਨਹੀਂ ।  ਉਸ ਦੀਆਂ ਦੋ ਗ਼ਜ਼ਲਾਂ ਨੂੰ ‘ਪੰਜਾਬੀ ਗ਼ਜ਼ਲ ਦੇ ਨਕਸ਼’ (ਜਿਸ ਨੂੰ  ਸੁਖਿੰਦਰ ਨੇ ਸੰਪਾਦਤ ਕੀਤਾ ਹੈ) ਵਿੱਚ ਥਾਂ ਮਿਲੀ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਦੁਨੀਆਂ ਦੇ 73 ਨਾਮਵਰ ਕਵੀਆਂ ਦੀਆਂ ਕੋਈ 100 ਗ਼ਜ਼ਲਾਂ ਦੀ ਚੋਣ ਕੀਤੀ ਗਈ ਹੈ। ਇਹ ਕਿਤਾਬ  ਪਿਛਲੇ ਮਹੀਨੇ ਨਵੰਬਰ‌ ਵਿੱਚ ਰਲੀਜ਼ ਹੋ ਚੁੱਕੀ ਹੈ। ਇਸ ਤਰ੍ਹਾਂ  ਉਹ ਹਮੇਸ਼ਾ ਕਿਰਿਆਸ਼ੀਲ ਰਹਿੰਦਾ ਹੈ। ਉਹ ਸਮਾਜ ਵਿਗਿਆਨ ਦੇ ਅਕਾਦਮਿਕ ਮੈਗਜੀਨਾਂ ਵਿਚ ਉਭਰ ਰਹੇ ਮੁੱਦਿਆਂ ਉੱਤੇ ਲਿਖਦਾ ਰਹਿੰਦਾ ਹੈ। ਉਸ ਨੇ ਆਪਣਾ  ਇੱਕ ਨਿਵੇਕਲਾ਼  ਕਾਲਮ ‘ਇੰਝ ਵਗਣ ਦਰਿਆ’ ਚਾਲੂ ਕੀਤਾ ਹੈ ਜਿਸ ਵਿੱਚ ਉਸ ਦੀ ਪੇਸ਼ਕਾਰੀ ਦੀ ਕਲਾ ਦੀ ਬਣਤਰ ਬਿਲਕੁਲ  ਵਿਲੱਖਣ ਹੈ।  ਡਾ. ਮੇਹਰ ਮਾਣਕ ਅਕਸਰ ਹੀ ਪੰਜਾਬ ਦੇ ਉਭਰ ਰਹੇ ਮਸਲਿਆਂ ਉੱਤੇ ਲਿਖਦਾ ਵੇਖਿਆ ਜਾ ਸਕਦਾ ਹੈ।
ਕਿੰਨੇ ਹੀ ਚੰਨ ਤਾਰੇ ਰਹੇ ਨੇ ਕਰਦੇ ਮੇਰੇ ਸੰਗ ਸਫ਼ਰ
ਐਵੇਂ ਨਾ ਭੁਲੇਖਾ ਪਾਲ਼  ਰੱਖੀਂ ਮੇਰਾ ਦਾਮਨ ਵੀਰਾਨ ਹੈ।
          ‌ ( “ਹਨੇਰੇ ਤੇ ਪ੍ਰਛਾਵੇਂ” ਕਾਵਿ ਸੰਗ੍ਰਹਿ ‘ਚੋਂ)
ਰਮੇਸ਼ਵਰ ਸਿੰਘ
Share: