ਪਿਆਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਉ

ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਦੋਂ ਵੀ ਕਦੇ ਇਕੱਲਿਆਂ ਬੈਠ ਕੇ ਸੋਚਦੀ ਹਾਂ ਤਾਂ ਉਹਨਾਂ ਦੇ ਹਰ ਕਦਮ ਅਤੇ ਹਰ ਕਰਮ ਨੂੰ ਸਿਜਦਾ ਆਪਣੇ ਆਪ ਹੀ ਹੋ ਜਾਂਦਾ ਹੈ। ਗੁਰੂ ਜੀ ਦਾ ਸਮੁੱਚਾ ਜੀਵਨ ਬਚਪਨ ਤੋਂ ਲੈ ਕੇ ਦੁਨਿਆਵੀਂ ਜਾਮੇ ਦੇ ਆਖ਼ਰੀ ਸਵਾਸ ਤੱਕ ਹਰ ਕਦਮ ਕੁਰਬਾਨੀਆਂ ਭਰਿਆ ਹੈ। ਬਾਲਪਨ ਵਿਚ ਪਿਤਾ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਭੇਜ ਦੇਣਾ..ਮਾਨੋ ਪੂਰਨ ਪਰਉਪਕਾਰ ਦੀ ਬੇਮਿਸਾਲ ਉਦਾਹਰਨ ਹੋਰ ਕਿਤਿਓਂ ਵੀ ਨਹੀਂ ਮਿਲਦੀ ਹੈ।
ਗੁਰੂ ਜੀ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਸਭ ਇਨਸਾਨੀਅਤ ਦੀ ਖ਼ਾਤਰ ਲੜੀਆਂ। ਉਹ ਸਭ ਧਰਮਾਂ ਨੂੰ ਇਕ ਮੰਨ ਕੇ ਚਲਦੇ ਸਨ। ਸਭ ਨੂੰ ਖੁਸ਼ ਦੇਖਣ ਦੇ ਇੱਛੁਕ ਸਨ। ਜੋ ਵੀ ਕੀਤਾ …. ਬਸ ! ਕੁਰਬਾਨ ਹੀ ਕੀਤਾ। ਕੋਈ ਦੁਨਿਆਵੀ ਮੋਹ ਨਹੀਂ ਸੀ। ਆਪਣਾ ਸਰਬੰਸ ਮਨੁੱਖਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ।
“ਸਭੇ ਸਾਂਝੀਵਾਲ ਸਦਾਇਨ, ਕੋਇ ਨਾ ਦਿਸੇ ਬਾਹਰਾ ਜੀਉ।”
ਹਰੇਕ ਦੇ ਦਰਦ ਨੂੰ ਮਹਿਸੂਸ ਕਰਕੇ ਹਰ ਇਕ ਨੂੰ ਖੁਸ਼ੀਆਂ ਵੰਡਣ ਦੇ ਚਾਹਵਾਨ ਦਰਵੇਸ਼ ਪਾਤਸ਼ਾਹ ਆਪ ਸਭ ਮੋਹ ਮਾਇਆ ਤੋਂ ਨਿਰਲੇਪ ਰਹੇ।
ਭਲਾ ਕਿਸ ਦੀ ਹਿੰਮਤ ਹੈ ਕਿ ਜੰਗ ਦੇ ਮੈਦਾਨ ਵਿੱਚ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕਰਕੇ ਭੇਜਣਾ। ਕਿੰਨੀ ਹਿੰਮਤ ਦੀ ਲੋੜ ਪੈਂਦੀ ਹੈ…. ਇਹ ਤਾਂ ਉਹੀ ਜਾਨਣ..। ਦੂਰੋ ਪੁੱਤਰਾਂ ਨੂੰ ਜੰਗ ਵਿੱਚ ਜੋਹਰ ਦਿਖਾਉਂਦਿਆਂ ਰਬ ਦਾ ਸ਼ੁਕਰ ਕਰਨਾ ਇਹ ਕੋਈ ਦਰਵੇਸ਼ ਹੀ ਕਰ ਸਕਦਾ ਹੈ। ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਦਿਲ ਤਾਂ ਵਲੂੰਧਰਿਆ ਹੋਵੇਗਾ ਪਾਤਸ਼ਾਹ ਜੀ, ਪਰ ਜਿਗਰਾ ਵੱਡਾ ਕਰਕੇ ਤੁਸੀਂ ਕਿਵੇਂ ਲੰਘੇ ਹੋਵੋਗੇ। ਮੈਂ ਅਕਸਰ ਸੋਚਦੀ ਹਾਂ…. ਤੇ ਦਿਲ ਕਰਦਾ ਹੈ ਕਿ ਪਾਤਸ਼ਾਹ ਤੁਸੀਂ ਸਾਹਮਣੇ ਆ ਜਾਉ ਅਤੇ ਮੈਂ ਵੈਰਾਗ ਨਾਲ ਪੁੱਛਾਂ।
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਅਤੇ ਅਦੁੱਤੀ ਕੁਰਬਾਨੀ ਦੀ ਨਿਵੇਕਲੀ ਅਤੇ ਵੱਖਰੀ ਸ਼ਹਾਦਤ ਦੀ ਮਿਸਾਲ ਕਿਤਿਓਂ ਨਹੀਂ ਮਿਲਣੀ ਜੀ। ਆਤਮ ਵਿਸ਼ਵਾਸ ਨਾਲ ਭਰੇ ਹੋਏ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੇ ਜਿੰਨੀ ਹਿੰਮਤ ਨਾਲ ਹਾਕਮ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਨਿਡਰਤਾ ਨਾਲ ਸਾਹਮਣਾ ਕੀਤਾ ਇਹ ਇੱਕ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਸ਼ਹੀਦ ਹੋਣ ਤੋਂ ਇੱਕ ਪਲ਼ ਵੀ ਨਹੀਂ ਡਰੇ ਸਨ।
ਅਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਤਾਂ ਗੁਰੂ ਜੀ ਦੇ ਪਰਿਵਾਰ ਬਾਰੇ ਅਕਸਰ ਦੱਸਦੇ ਹੀ ਰਹਿਦੇ ਹਾਂ। ਮਨ ਵੈਰਾਗ ਨਾਲ ਭਰ ਜਾਂਦਾ ਹੈ ਅਤੇ ਫਿਰ ਅਕਸਰ ਘਰ ਵਿੱਚ ਸਾਹਿਬਜ਼ਾਦਿਆਂ ਦੀਆਂ ਗੱਲਾਂ ਹੁੰਦੀਆਂ ਹਨ। ਇਹਨਾਂ ਦਿਨਾਂ ਵਿੱਚ ਹੱਡ ਚੀਰਦੀ ਠੰਢ ਵਿੱਚ ਉਹਨਾਂ ‘ਤੇ ਹੋਏ ਜ਼ੁਲਮਾਂ ਨੂੰ ਮਹਿਸੂਸ ਕਰਕੇ ਕੁਲ ਲੋਕਾਈ ਦਾ ਮਨ ਵੈਰਾਗ ਵਿਚ ਆ ਜਾਂਦਾ ਹੈ।
ਧੰਨ ਸੱਚੇ ਪਾਤਸ਼ਾਹ ਤੁਹਾਡੇ ਵਰਗੇ ਤੁਸੀਂ ਹੀ ਹੋ? ਤੁਹਾਡਾ ਧੰਨ ਜਿਗਰਾ ਹੈ ਅਤੇ ਧੰਨ ਤੁਹਾਡੀ ਉੱਚੀ-ਸੁੱਚੀ ਅਤੇ ਨਿਰਲੇਪ ਆਤਮਾ। ਸਾਹਿਤ ਦੇ ਰਚੇਤਾ, ਕਈ ਭਾਸ਼ਾਵਾਂ ਦੇ ਗਿਆਤਾ ਅਤੇ ਸਰਬ ਗੁਣ ਸੰਪੂਰਨ ਮੇਰੇ ਗੋਬਿੰਦ ਪਾਤਸ਼ਾਹ ਜੀ, ਤੁਹਾਡੀਆਂ ਕੁਰਬਾਨੀਆਂ ਨੂੰ ਸਿਜਦਾ।
ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਮਾਨਸਿਕ ਤੌਰ ‘ਤੇ ਕਮਜ਼ੋਰ ਲੋਕਾਂ ਵਿਚ ਨਵੀਂ ਰੂਹ ਫੂਕੀ। ਉਹਨਾਂ ਅੰਦਰ ਆਤਮ ਵਿਸ਼ਵਾਸ ਅਤੇ ਹਿੰਮਤ ਭਰੀ। ਉਹਨਾਂ ਦੀ ਅੰਦਰੂਨੀ ਸ਼ਕਤੀ ਨੂੰ ਪਹਿਚਾਣ  ਦਿੱਤੀ। ਲੱਖਾਂ ਨਾਲ ਇੱਕ ਲੜਾ ਕੇ ਨਵੇਂ ਰਾਹ ਅਤੇ ਮਾਰਗ ਬਣਾਏ। ਜੋ ਵੀ ਕਰਮ ਕੀਤਾ ਉਸ ਦੀ ਖ਼ਾਸ ਪਹਿਚਾਣ ਬਣਾਈ।
ਅਸੀਂ ਮਤਲਬੀ, ਸਵਾਰਥੀ, ਕਾਮ, ਕ੍ਰੋਧ, ਲੋਭ ,ਮੋਹ ਅਤੇ ਹੰਕਾਰ ਵਿੱਚ ਫਸੇ ਕੀ ਜਾਣ ਸਕਦੇ ਹਾਂ ਤੁਹਾਡੇ ਬਾਰੇ। ਤੁਸੀਂ ਸਾਡੇ ਵਰਗਿਆਂ ਲਈ ਆਪਣਾ ਸਰਬੰਸ ਵਾਰ ਦਿੱਤਾ ਅਤੇ ਅਸੀਂ ਤੁਹਾਡੇ ਪਾਏ ਪੂਰਨਿਆਂ ‘ਤੇ ਚੱਲਣ ਦੀ ਥਾਂ ‘ਤੇ ਆਪਸ ਵਿੱਚ ਲੜੀ ਜਾ ਰਹੇ ਹਾਂ। ਤੁਹਾਨੂੰ ਸਿਜਦਾ ਤਾਂ ਕਰ ਆਉਂਦੇ ਹਾਂ, ਪਰ ਤੁਹਾਡੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਰਹਿੰਦੇ ਹਾਂ।
ਸਾਨੂੰ ਸੁਮੱਤ ਬਖਸ਼ਿਸ਼ ਕਰਿਉ ਪਾਤਸ਼ਾਹ ਜੀ।ਤੁਹਾਨੂੰ ਅਤੇ ਤੁਹਡੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਨਾਲ-ਨਾਲ ਕੁਝ ਨੇਕ ਕਰਮ ਵੀ ਕਰੀਏ। ਮਨੁੱਖਤਾ ਦੀ ਕੁਝ ਸੇਵਾ ਕਰ ਸਕੀਏ। ਹੱਕ-ਸੱਚ ਦੀ ਗੱਲ ਕਰਨ ਦੀ ਹਿੰਮਤ ਜੁਟਾ ਸਕੀਏ। ਮਿਹਰ ਕਰਿਉ ਪਾਤਸ਼ਾਹ!  ਅਸੀਂ ਤੁਹਾਡੇ ਬਾਰੇ ਕੀ ਲਿਖ ਸਕਦੇ ਹਾਂ। ਤੁਸੀਂ ਮਹਾਨ ਹੋ, ਤੁਹਾਨੂੰ ਅਤੇ ਤੁਹਾਡੇ ਹਰ ਕਦਮ ਨੂੰ ਪ੍ਰਣਾਮ ਜੀਉ।
ਪਰਵੀਨ ਕੌਰ ਸਿੱਧੂ
Share: