ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਸੰਗਰੂਰ-ਖਨੌਰੀ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੋਂ ਪਹਿਲਾਂ ਪੁਲਿਸ ਨੇ ਚੁੱਕ ਕੇ ਹਿਰਾਸਤ ਵਿੱਚ ਲਿਆ ਹੈ। ਇਸ ਦਾਅਵਾ ਕਿਸਾਨਾਂ ਵੱਲੋਂ ਖਨੌਰੀ ਬਾਰਡਰ ਉੱਤੇ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚੋਰਾਂ ਦੀ ਤਰ੍ਹਾਂ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰ ਲਿਆ।ਕਿਸਾਨਾਂ ਦਾ ਕਹਿਣਾ ਖਨੌਰੀ ਬਾਰਡਰ ਤੋਂ ਸਵੇਰੇ ਕਰੀਬ ਪੌਣੇ ਤਿੰਨ ਵਜੇ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਕੇ ਅਣਪਛਾਤੀ ਥਾਂ ਉੱਤੇ ਲੈ ਕੇ ਲਿਜਾਇਆ ਗਿਆ ਹੈ। ਜ਼ਿਲ੍ਹਾ ਬਠਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਰਾਤ ਨੂੰ ਉਹ 12 ਵਜੇ ਮੀਟਿੰਗ ਕਰਕੇ ਸੁੱਤੇ ਸਨ ਕਿਉਂਕਿ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਣਾ ਸੀ ਅਤੇ ਸਵੇਰੇ ਕਰੀਬ ਪੌਣੇ ਤਿੰਨ ਵਜੇ ਵੱਡੀ ਗਿਣਤੀ ਵਿੱਚ ਆਈ ਪੁਲਿਸ ਵੱਲੋਂ ਟਰਾਲੀਆਂ ਵਿੱਚ ਸੁੱਤੇ ਪਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬਾਹਰੋਂ ਕੁੰਡੇ ਲਗਾ ਦਿੱਤੇ ਗਏ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਅਣਪਛਾਤੀ ਥਾਂ ਉੱਤੇ ਲੈ ਕੇ ਚਲੇ ਗਏ ਹਨ।

ਪੁਲਿਸ ਦੀ ਕਾਰਵਾਈ ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਖਨੌਰੀ ਬਾਰਡਰ ਉੱਤੇ ਕੋਈ ਢਿੱਲ ਨਹੀਂ ਵਰਤਣਗੇ ਅਤੇ ਪੁਲਿਸ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦੇਣਗੇ। ਦੇਸ਼ ਭਰ ਦੇ ਕਿਸਾਨਾਂ ਨੂੰ ਖਨੌਰੀ ਬਾਰਡਰ ਉੱਤੇ ਟਰਾਲੀਆਂ ਲੈਕੇ ਪਹੁੰਚਣ ਲਈ ਸੱਦਾ ਵੀ ਦੇ ਦਿੱਤਾ ਗਿਆ ਹੈ। ਕਿਸਾਨਾਂ ਮੁਤਾਬਿਕ ਹੁਣ ਇਹ ਲੜਾਈ ਆਰ-ਪਾਰ ਦੀ ਹੋ ਗਈ ਹੈ ਅਤੇ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨਾਂ ਨੇ ਕਿਹਾ ਕਿ ਖਨੌਰੀ ਬਾਰਡਰ ਤੋਂ ਲੰਘਣ ਲਈ ਲੋਕਾਂ ਨੂੰ ਜੋ ਰਾਹ ਦਿੱਤਾ ਗਿਆ ਸੀ ਹੁਣ ਪੁਲਿਸ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਵੀ ਮੁਕੰਮਲ ਤੌਰ ਉੱਤੇ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਤ ਜਗਜੀਤ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ। ਉਹਨਾਂ ਨੂੰ ਐਮਰਜੈਂਸੀ ਵਾਰਡ ਚ ਰੱਖਿਆ ਗਿਆ ਹੈ। ਜਿਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਨੀਅਰ ਪੁਲਿਸ ਅਫਸਰ ਵੀ ਮੌਕੇ ਉੱਤੇ ਮੌਜੂਦ ਹਨ ਅਤੇ ਮੋਹਾਲੀ ਤੋਂ ਵੀ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਡੀਐੱਮਸੀ ਹਸਪਤਾਲ ਪਹੁੰਚੇ ਹੋਏ ਹਨ। ਕਿਸੇ ਵੀ ਮੀਡੀਆ ਨੂੰ ਡੀਐਮਸੀ ਹਸਪਤਾਲ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਰਾਤ ਲਗਭਗ ਤਿੰਨ ਵਜੇ ਦੇ ਕਰੀਬ ਜਗਜੀਤ ਡਲੇਵਾਲ ਨੂੰ ਡੀਐਮਸੀ ਹਸਪਤਾਲ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਵੀ ਡੀਐਮਸੀ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ।

ਦੂਜੇ ਪਾਸੇ ਮਾਮਲੇ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ,‘ਕਿਸਾਨ ਆਗੂ ਡੱਲੇਵਾਲ ਜੀ ਦੀ ਨਜ਼ਰਬੰਦੀ ਭਗਵੰਤ ਮਾਨ ਸਰਕਾਰ ਵੱਲੋਂ ਰਚੀ ਗਈ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਕੋਈ ਕੇਂਦਰੀ ਏਜੰਸੀ ਸ਼ਾਮਲ ਨਹੀਂ ਹੈ। ਇਹ ਸਿਰਫ਼ ਸੂਬਾ ਪੁਲਿਸ ਦਾ ਕੰਮ ਹੈ, ਜਿਸ ਦਾ ਉਦੇਸ਼ ਅਸਲ ਮੁੱਦੇ ਤੋਂ ਧਿਆਨ ਹਟਾਉਣ ਲਈ ਕੇਂਦਰੀ ਏਜੰਸੀਆਂ ‘ਤੇ ਇਲ ਜ਼ਾਮ ਮੜ੍ਹਨਾ ਹੈ। ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਵਿੱਚ ਨਹੀਂ ਆਉਂਦੀ,’।

Share: