ਅੰਮ੍ਰਿਤਸਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ 

ਅੰਮ੍ਰਿਤਸਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ 

ਅੰਮ੍ਰਿਤਸਰ-  ਪੰਜਾਬ ਵਿੱਚ ਬਦਮਾਸ਼ਾਂ ਦੇ ਹੌਂਸਲੇ ਪਸਤ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਪੰਜਾਬ ਪੁਲਿਸ ਵੱਲੋਂ ਬਦਮਾਸ਼ਾਂ ‘ਤੇ ਪੂਰੀ ਤਰ੍ਹਾਂ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਕਾਰਨ ਆਏ ਦਿਨ ਮੁਠਭੇੜ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸੇ ਦੌਰਾਨ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਕੋਲ ਦਾਰਾ ਹੋਟਲ ਦੇ ਕਰੀਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ।

ਇਸ ਦੌਰਾਨ ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਰਾਤ ਨੂੰ ਪੁਲਿਸ ਮੁਲਾਜ਼ਮਾਂ ਕੋਲੋਂ ਗੈਂਗਸਟਰਾਂ ਨੇ ਉਨ੍ਹਾਂ ਦੇ ਹਥਿਆਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸੈਲਫ ਡਿਫੈਂਸ ਦੇ ਵਿੱਚ ਪੁਲਿਸ ਦੁਆਰਾ ਫਾਇਰਿੰਗ ਕੀਤੀ ਗਈ ਹੈ ਅਤੇ ਗੈਂਗਸਟਰਾਂ ਦੁਆਰਾ ਵੀ ਪੁਲਿਸ ‘ਤੇ ਫਾਇਰਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਫਿਲਹਾਲ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ।

ਬੀਤੇ ਦਿਨ ਤਰਨ ਤਾਰਨ ਪੁਲਿਸ ਨੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਸ ਬਦਮਾਸ਼ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾਇਆ ਅਤੇ ਕਾਮਯਾਬੀ ਹਾਸਿਲ ਕੀਤੀ ਸੀ। ਇਸਦੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਤਰਨਤਾਰਨ ਨੇ ਦੱਸਿਆ ਸੀ ਕਿ ਬਦਮਾਸ਼ ਜੁਗਰਾਜ ਸਿੰਘ ਉਰਫ਼ ਜੱਗਾ ਜੋ ਮੁਰਾਦਪੁਰ ਮੁਹੱਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਉੱਤੇ 4 ਤੋਂ ਵੱਧ ਮੁਕੱਦਮੇ ਦਰਜ ਹਨ। ਇਹ ਬਦਮਾਸ਼ ਪੁਲਿਸ ਨੂੰ ਅੱਤ ਲੋੜੀਂਦਾ ਸੀ। ਗੁਪਤ ਸੂਚਨਾ ਦੇ ਅਧਾਰ ਉੱਤੇ ਪੁਲਿਸ ਨੇ ਟ੍ਰੈਪ ਲਗਾਇਆ, ਪਰ ਇਸ ਬਦਮਾਸ਼ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਇਸ ਬਦਮਾਸ਼ ਉੱਤੇ ਗੋਲੀ ਚਲਾਈ ਜੋ ਲੱਤ ਵਿੱਚ ਲੱਗੀ ਅਤੇ ਇਸ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਬਦਮਾਸ਼ ਕੋਲੋਂ 45 ਬੋਰ ਪਿਸਟਲ ਬਰਾਮਦ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਸੀ ਕਿ ਇਹ ਮੁਲਜ਼ਮ ਹਿਸਟਰੀ ਸ਼ੀਟਰ ਹੈ ਅਤੇ ਇਸ ਉੱਤੇ ਪਹਿਲਾਂ 4 ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਬਦਮਾਸ਼ ਜੁਗਰਾਜ ਸਿੰਘ ਉੱਤੇ ਇੱਕ ਕਤਲ ਦਾ ਮਾਮਲਾ ਵੀ ਦਰਜ ਹੈ ਅਤੇ ਇਸ ਮਾਮਲੇ ਵਿੱਚ ਬਦਮਾਸ਼ ਮੁੱਖ ਸ਼ੂਟਰ ਸੀ। ਇਸ ਲਈ ਪੁਲਿਸ ਵੱਲੋਂ ਮੁਲਜ਼ਮ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਅਤੇ ਆਖਿਰਕਾਰ ਪੂਰਾ ਜਾਲ ਵਿਛਾ ਕੇ ਇਸ ਨੂੰ ਪੁਲਿਸ ਨੇ ਐਨਕਾਊਂਟਰ ਮਗਰੋਂ ਕਾਬੂ ਕੀਤਾ ਗਿਆ ਹੈ।

ਦੱਸ ਦਈਏ ਬੀਤੇ ਦਿਨ ਪਟਿਆਲਾ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਪਟਿਆਲਾ ਪੁਲਿਸ ਨਾਭਾ ਵਿੱਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਸੀਆਈਏ ਪਟਿਆਲਾ ਦੀ ਟੀਮ ਨਾਲ ਸੰਗਰੂਰ ਪਟਿਆਲਾ ਬਾਈਪਾਸ ਉੱਤੇ ਲੁਟੇਰਿਆਂ ਦਾ ਮੁਕਾਬਲਾ ਹੋਇਆ। ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਿਕ ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲੈਨਿੰਗ ਦੇ ਤਹਿਤ ਉਸ ਦੇ ਘਰ ਪਹੁੰਚੇ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ਕਾਰਨ ਉਕਤ ਨੌਜਵਾਨ ਵੀ ਮੁਲਜ਼ਮਾਂ ਦੇ ਨਾਲ ਕਾਰ ਵਿੱਚ ਹੀ ਫ਼ਰਾਰ ਹੋ ਗਿਆ। ਕਾਰ ‘ਚ ਬੈਠੇ ਨੌਜਵਾਨ ਨੂੰ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਬਾਹਰ ਸੁੱਟ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਨਾਭਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਹਸਪਤਾਲ ‘ਚ ਦਾਖਲ ਚਿਰਾਗ ਦੇ ਸਿਰ ‘ਤੇ 10 ਟਾਂਕੇ ਲੱਗੇ ਹਨ।

Share: