ਵਿਸ਼ਵ ਪ੍ਰਸਿੱਧ ਤਬਲਾ ਵਾਦਕ ਉਸਤਾਦ ਤਾਰੀ ਖਾਨ ਦੇ 15 ਸਾਲਾ ਸ਼ਾਗਿਰਦ ਨੇ ਸੋਲੋ ਪਰਫੋਰਮੈਂਸ ਦਿੱਤੀ
ਜਲੰਧਰ (ਮਨੀਸ਼ ਰਿਹਾਨ) ਸ਼ਬਦ ਗੁਰੂ ਕੀਰਤਨ ਸੋਸਾਇਟੀ ਅਤੇ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਇੱਕ ਸੰਗੀਤ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸੰਗੀਤ ਸਭਾ ਵਿੱਚ ਤਬਲੇ ਦੀਆਂ ਸੋਲੋ ਪਰਫੋਰਮੈਂਸ ਕਰਵਾਈਆਂ ਗਈਆਂ, ਜਿਸ ਵਿੱਚ ਯੂਐਸਏ ਤੋਂ ਉਚੇਚੇ ਤੌਰ ਤੇ ਆਏ, ਗੁਰਕੀਰਤ ਸਿੰਘ ਜਿਸ ਦੀ ਉਮਰ 15 ਸਾਲ, ਨੇ ਆਪਣੀ ਸੋਲੋ ਪਰਫੋਰਮੈਂਸ ਦਿੱਤੀ। ਇਸ ਤੋਂ ਇਲਾਵਾ ਉਸਤਾਦ ਜਗਮੋਹਨ ਸਿੰਘ ਅਤੇ ਉਹਨਾਂ ਦੇ ਗੁਰਭਾਈ ਸਰਦਾਰ ਜਸਕਰਨ ਸਿੰਘ ਵੱਲੋਂ ਤਬਲੇ ਦੇ ਜੁਗਲਬੰਦੀ ਕੀਤੀ ਗਈ ਜਿਸ ਦਾ ਆਨੰਦ ਸਾਰੇ ਹੀ ਦਰਸ਼ਕਾਂ ਨੇ ਮਾਣਿਆ। ਅਕੈਡਮੀ ਵੱਲੋਂ ਸਾਰੇ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਹਰਜਿੰਦਰ ਸਿੰਘ, ਮਿਊਜਿਕ ਟੀਚਰ ਕੁਲਵੀਰ ਸਿੰਘ ਅਤੇ ਹੋਰ ਉਸਤਾਦ ਰਾਜਵਿੰਦਰ ਸਿੰਘ, ਹਰਜੋਤ ਸਿੰਘ, ਸਿਮਰਨਪ੍ਰੀਤ ਸਿੰਘ, ਭਾਈ ਜਸਪਾਲ ਸਿੰਘ ਯੂਐਸ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਜਿਸ ਬੱਚੇ ਗੁਰਕੀਰਤ ਸਿੰਘ ਨੇ ਯੂਐਸਏ ਤੋਂ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਉਹ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਉਸਤਾਦ ਤਾਰੀ ਖਾਨ ਸਾਹਿਬ ਜੀ ਦਾ ਸ਼ਗਿਰਦ ਹੈ ਜਿਸ ਦੀ ਉਚੇਚੇ ਤੌਰ ਤੇ ਅਕੈਡਮੀ ਵੱਲੋਂ ਪਰਫੋਰਮੈਂਸ ਰੱਖੀ ਗਈ। ਸਾਰੇ ਦਰਸ਼ਕਾਂ ਨੇ ਵਿਸ਼ੇਸ਼ ਤੌਰ ਤੇ ਇਸ ਬੱਚੇ ਦੀ ਪਰਫੋਰਮੈਂਸ ਦਾ ਆਨੰਦ ਮਾਣਿਆ। ਸੁਸਾਇਟੀ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਇਸ ਬੱਚੇ ਦਾ ਸਨਮਾਨ ਕੀਤਾ ਅਤੇ ਭਵਿੱਖ ਵਿੱਚ ਸਾਰੇ ਕਲਾਕਾਰਾਂ ਦੀ ਤਰੱਕੀ ਦੀ ਦੁਆ ਕਰਦਿਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।