ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡ ਸਭਿਆਚਾਰ ਸਿਰਜਿਆ : ਮਹਿੰਦਰ ਭਗਤ
ਜਲੰਧਰ (ਪੂਜਾ ਸ਼ਰਮਾ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 68ਵੀਆਂ ਰਾਜ ਪੱਧਰੀ ਸਕੂਲ ਖੇਡਾਂ 2024-25 ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਮਹਿਮਾਨ ਮਹਿੰਦਰ ਭਗਤ, ਕੈਬਨਿਟ ਮੰਤਰੀ ਵਲੋਂ ਜਲੰਧਰ ਦੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਵਿਖੇ ਰਾਜ ਪੱਧਰੀ ਵੁਸ਼ੂ ਅੰਡਰ-17,19 ਸਾਲ (ਲੜਕੀਆਂ) ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਹਨਾਂ ਵਲੋਂ ਰਸਮੀ ਤੌਰ ‘ਤੇ ਗੁਬਾਰੇ ਛੱਡ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵਲੋੰ ਆਤਮ-ਰੱਖਿਆ ਦੀ ਇਸ ਖੇਡ ਵੁਸ਼ੂ ਵਿੱਚ ਖਿਡਾਰਨਾਂ ਨੂੰ ਆਪਣੇ ਸਕੂਲ ਅਤੇ ਸੂਬੇ ਦਾ ਨਾਂ ਚਮਕਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੂਬੇ ਦੇ 15 ਜਿਲ੍ਹਿਆਂ ਦੀਆਂ 30 ਟੀਮਾਂ ਵਲੋਂ ਭਾਗ ਲਿਆ ਗਿਆ। ਉਨ੍ਹਾਂ ਸਮੂਹ ਖਿਡਾਰਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਓਬਜ਼ਰਵਰ ਰਛਪਾਲ ਸਿੰਘ ਨੇ ਦੱਸਿਆ ਕਿ 68ਵੀਆਂ ਰਾਜ ਪੱਧਰੀ ਖੇਡਾਂ ਵੁਸ਼ੂ ( ਅੰਡਰ-17,19 ਸਾਲ) ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਖਿਡਾਰਣਾਂ ਨੂੰ ਜਿਲ੍ਹੇ ਵਿੱਚ ਹਰ ਤਰ੍ਹਾ ਦੀ ਸਹੂਲਤ ਮਿਲ ਰਹੀ ਹੈ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਪ੍ਰਿੰਸੀਪਲ ਗੋਹਰੀਨਾ ਅਤੇ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਪ੍ਰਿੰਸੀਪਲ ਗੋਹਰੀਨਾ ਨੇ ਦੱਸਿਆ ਕਿ ਇਹਨਾਂ ਟੀਮਾਂ ਦੇ ਸਮੂਹ ਖਿਡਾਰੀਆਂ ਅਤੇ ਇਹਨਾਂ ਦੇ ਆਫੀਸ਼ਲਜ਼ ਦੇ ਰਹਿਣ, ਖਾਣ-ਪੀਣ ਅਤੇ ਟੂਰਨਾਮੈਂਟ ਦੇ ਮੈਚਾਂ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਨੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕੈਬਨਿਟ ਮੰਤਰੀ ਮਾਨਯੋਗ ਮਹਿੰਦਰ ਭਗਤ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਸਹਾਇਕ ਕਨਵੀਨਰ ਸੁਧੀਰ ਕੁਮਾਰ, ਪਰਮਜੀਤ ਕੌਰ, ਜਸਵਿੰਦਰ ਸਿੰਘ, ਸਾਬਕਾ ਏ.ਈ.ਓ ਹਰਬਿੰਦਰ ਪਾਲ, ਪ੍ਰਦੀਪ ਸ਼ਰਮਾ, ਮੰਗਤ ਰਾਏ ਅਤੇ ਸਤਬੀਰ ਸਿੰਘ ਮੌਜੂਦ ਸਨ।
36 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਲੁਧਿਆਣਾ ਨੂੰ ਅਤੇ ਮਾਨਸਾ ਨੇ ਬਠਿੰਡਾ ਨੂੰ ਹਰਾਇਆ। 52 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਜਲੰਧਰ ਨੇ ਫਰੀਦਕੋਟ ਨੂੰ ਅਤੇ ਮਾਨਸਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ। ਇਸੇ ਤਰ੍ਹਾਂ 60 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਨੇ ਸੰਗਰੂਰ ਨੂੰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ।