19 ਸਾਲ ਦੀ ਨੌਕਰੀ ਵਿੱਚ ਕੀਤੇ ਅਣਗਿਣਤ ਸੇਵਾ ਦੇ ਕੰਮ, 500 ਵਿਦਿਆਰਥੀਆਂ ਦੀ ਕਰਵਾਈ ਫੀਸ ਮੁਆਫ਼

19 ਸਾਲ ਦੀ ਨੌਕਰੀ ਵਿੱਚ ਕੀਤੇ ਅਣਗਿਣਤ ਸੇਵਾ ਦੇ ਕੰਮ, 500 ਵਿਦਿਆਰਥੀਆਂ ਦੀ ਕਰਵਾਈ ਫੀਸ ਮੁਆਫ਼

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਬੀਤੇ ਦਿਨ ਪੰਜਾਬ ਦੇ ਕਈ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਜਿਨਾਂ ਦੇ ਵਿੱਚੋਂ ਲੁਧਿਆਣਾ ਤੋਂ ਇਕਲੌਤੇ ਪਿੰਡ ਸੁਨੇਤ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਪਿਊਟਰ ਸਾਇੰਸ ਦੇ ਅਧਿਆਪਕ ਅਰਵਿੰਦਰ ਸਿੰਘ ਵੀ ਸ਼ਾਮਿਲ ਹਨ, ਜਿਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਅਰਵਿੰਦਰ ਸਿੰਘ ਦੇ ਇਸ ਅਵਾਰਡ ਲਈ ਨਾਮਜ਼ਦ ਹੋਣ ਪਿੱਛੇ ਕਈ ਕਾਰਨ ਹਨ। ਉਹਨਾਂ ਨੇ ਸਿਰਫ ਸਿੱਖਿਆ ਦੇ ਵਿੱਚ ਹੀ ਨਹੀਂ ਸਗੋਂ ਸਕੂਲ ਦੇ ਵਿਕਾਸ ਬੱਚਿਆਂ ਦੇ ਮਦਦ ਲਈ ਵੀ ਅਹਿਮ ਯੋਗਦਾਨ ਦਿੱਤਾ ਹੈ।

ਉਹਨਾਂ ਨੇ ਦੱਸਿਆ ਕਿ ਸਾਲ 2005 ਦੇ ਵਿੱਚ ਉਹ ਅਧਿਆਪਕ ਬਣੇ ਸਨ ਅਤੇ ਸਾਲ 2012 ਦੇ ਵਿੱਚ ਪਿੰਡ ਸੁਨੇਤ ਦੇ ਸਰਕਾਰੀ ਸਕੂਲ ਚ ਬਤੌਰ ਕੰਪਿਊਟਰ ਅਧਿਆਪਕ ਉਹਨਾਂ ਨੇ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਅਤੇ ਉਹ ਪਿਛਲੇ 19 ਸਾਲ ਤੋਂ ਕੰਪਿਊਟਰ ਸਾਇੰਸ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਹ ਹੁਣ ਤੱਕ 20 ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਦੀ ਬੋਰਡ ਫੀਸ ਮਾਫ਼ ਕਰਵਾ ਚੁੱਕੇ ਹਨ। ਐਨਾ ਹੀ ਨਹੀਂ ਜਿਹੜੇ ਲੋੜਵੰਦ ਵਿਦਿਆਰਥੀ ਹਨ, ਉਹਨਾਂ ਦੀ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਮਦਦ ਵੀ ਕਰਦੇ ਹਨ। ਉਹ ਪੰਜਾਬ ਦੀਆਂ ਵੱਖ-ਵੱਖ ਸੇਵਾ ਸੋਸਾਇਟੀਆਂ ਦੇ ਨਾਲ ਜੁੜੇ ਹੋਏ ਹਨ। ਉਹਨਾਂ ਦੇ ਸਕੂਲ ਦੀ ਪ੍ਰਿੰਸੀਪਲ ਵੀ ਉਹਨਾਂ ਦੀ ਸਿਫਤਾਂ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹਨਾਂ ਦਾ ਯੋਗਦਾਨ ਵਡਮੁੱਲਾ ਹੈ। ਉਹ ਅਜਿਹੇ ਸਕੂਲ ਦੇ ਹੋਣਹਾਰ ਅਧਿਆਪਕ ਹਨ, ਜਿਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਰਗਾ ਹੀ ਸਮਝਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਜ਼ਾਰਾਂ ਸਕੂਲ ਹੋਣ ਦੇ ਬਾਵਜੂਦ ਲੁਧਿਆਣਾ ਚੋਂ ਇੱਕ ਲੌਤੇ ਉਹਨਾਂ ਦੇ ਸਕੂਲ ਵਿੱਚੋਂ ਅਰਵਿੰਦਰ ਸਿੰਘ ਦੀ ਸਟੇਟ ਅਵਾਰਡ ਦੇ ਲਈ ਚੋਣ ਹੋਈ।

ਸਾਲ 2012 ਦੇ ਵਿੱਚ ਜਦੋਂ ਉਹਨਾਂ ਨੇ ਪਿੰਡ ਸੁਨੇਤ ਦੇ ਸਕੂਲ ਦੇ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਹ ਮਿਡਲ ਸਕੂਲ ਸੀ। ਕਮਰੇ ਬਹੁਤ ਘੱਟ ਸਨ ਪਰ ਅੱਜ ਸਕੂਲ ਵਿੱਚ 28 ਸਮਾਰਟ ਕਲਾਸ ਰੂਮ ਹਨ। ਸਕੂਲ ਸੀਨੀਅਰ ਸੈਕੰਡਰੀ ਬਣ ਚੁੱਕਾ ਹੈ। ਕੰਪਿਊਟਰ ਦੀ ਵੱਖਰੀ ਲੈਬ ਸਕੂਲ ਦੇ ਵਿੱਚ ਬਣਾਈ ਗਈ ਹੈ, ਜਿੱਥੇ ਬੱਚੇ ਤਕਨੀਕ ਤੋ ਰੂਬਰੂ ਹੁੰਦੇ ਹਨ। ਇਹ ਸਭ ਉਹਨਾਂ ਨੇ ਸਕੂਲ ਦੀ ਗਰਾਂਟ ਤੋਂ ਹੀ ਨਹੀਂ ਸਕੂਲ ਲੋਕਾਂ ਦੀ ਮਦਦ ਦੇ ਨਾਲ ਵੀ ਪੂਰਾ ਕੀਤਾ ਹੈ। ਅਰਵਿੰਦਰ ਸਿੰਘ ਉਹਨਾਂ ਅਧਿਆਪਕਾਂ ਵਿੱਚੋਂ ਹਨ ਜੋ ਸਰਕਾਰ ਨੂੰ ਦੋਸ਼ ਨਾ ਦੇ ਕੇ ਸਗੋਂ ਆਪਣੀ ਜੇਬ੍ਹ ਤੋਂ ਪੈਸੇ ਖਰਚਦੇ ਹਨ ਲੋਕਾਂ ਦੀ ਮਦਦ ਲੈਂਦੇ ਹਨ ਐਨਆਰਆਈਆਂ ਦਾ ਸਹਿਯੋਗ ਲਿਆ ਹੈ।

Share: