ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪਿਛਲੇ 50 ਸਾਲਾਂ ਵਿੱਚ ਪੰਜਾਬ ਨੂੰ ਮਿਲ ਕੇ ਲੁੱਟਿਆ ਅਤੇ ਆਪਣੇ ਫਾਇਦੇ ਲਈ ਵੇਚ ਦਿੱਤਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਜਨਤਾ ਦੇ ਪੈਸੇ ਨਾਲ ਆਪਣੇ ਖ਼ੁਦ ਦੇ 5-ਸਿਤਾਰਾ-7-ਸਿਤਾਰਾ ਹੋਟਲ ਖੋਲ੍ਹੇ, ਫਾਰਮ ਹਾਊਸ ਅਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਅਤੇ ਮਹਿੰਗੀਆਂ ਗੱਡੀਆਂ ਖਰੀਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਫਾਰਮ ਹਾਊਸਾਂ ਅਤੇ ਕੋਠੀਆਂ ਵਿੱਚ ਲੱਗੀ ਇੱਕ-ਇੱਕ ਇੱਟ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ।
ਪੰਜਾਬ ਵਿੱਚ ਵੰਡੇ ਜਾ ਰਹੇ ਇੱਕ ਪਰਚੇ, ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ। ‘ਆਪ’ ਚੋਣਾਂ ‘ਚ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਪੈਸੇ ਨਹੀਂ ਵੰਡਦੀ, ਕੋਈ ਗਿਫ਼ਟ ਅਤੇ ਲਾਲਚ ਨਹੀਂ ਦਿੰਦੀ, ਕਿਉਂਕਿ ਆਮ ਆਦਮੀ ਪਾਰਟੀ ਪੈਸੇ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਨਹੀਂ ਕਰਦੀ। ਪਰਚੇ ‘ਚ ਲਿਖਿਆ ਹੋਇਆ ਹੈ ਕਿ ਚੋਣਾਂ ‘ਚ ਲੋਕਾਂ ਨੂੰ ਲੁਭਾਉਣ ਲਈ ਦੂਜੀਆਂ ਪਾਰਟੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੈਸੇ ਅਤੇ ਸ਼ਰਾਬ ਵੰਡਣਗੀਆਂ। ਉਹ ਪੈਸਾ ਅਤੇ ਸ਼ਰਾਬ ਜਨਤਾ ਦੀ ਲੁੱਟ ਦਾ ਪੈਸਾ ਹੈ, ਇਸ ਲਈ ਉਸ ਤੋਂ ਲੈ ਲੈਣਾ, ਪਰ ਵੋਟ ਆਮ ਆਪਾਰਟੀ ਨੂੰ ਹੀ ਪਾਉਣੀ।
ਉਨ੍ਹਾਂ ਇਸ ਪਰਚੇ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਅਸੀਂ ਇਹ ਪਰਚਾ ਨਹੀਂ ਛਪਵਾਇਆ। ਇਹ ਪਰਚਾ ਪੰਜਾਬ ਦੇ ਲੋਕਾਂ ਨੇ ਛਪਵਾਇਆ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਇਸਨੂੰ ਗਲੀ-ਗਲੀ ਵਿੱਚ ਵੰਡ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖਿਰ ਅਕਾਲੀ ਦਲ ਇਸ ਪਰਚੇ ਤੋਂ ਇੰਨਾ ਪ੍ਰੇਸ਼ਾਨ ਕਿਉਂ ਹੈ?