ਵਾਸ਼ਿੰਗਟਨ- ਅਮਰੀਕੀ ਖੁਫੀਆ ਏਜੰਸੀ ਨੇ ਸੋਮਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਨਿਊਯਾਰਕ ਵਿਚ ਇੱਕ 72 ਸਾਲਾ ਵਿਅਕਤੀ ਗ੍ਰਿਫਤਾਰ ਕੀਤਾ ਹੈ। ਨਿਊਯਾਰਕ ਦੇ ਬਰੁਕਲਿਨ ਵਿਚ ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥੌਮਸ ਮੇਲਨਿਕ ਨਾਂ ਦੇ ਸ਼ਖ਼ਸ ਨੇ ਜਾਣ ਬੁੱਝ ਕੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਮਾਰਨ, ਅਗਵਾ ਕਰਨ ਅਤੇ ਸਰੀਰਿਕ ਚੋਟ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਥੌਮਸ ਨੇ ਜੁਲਾਈ 2020 ਵਿਚ ਇੱਕ ਇੰਟਰਵਿਊ ਦੌਰਾਨ ਯੂਐਸ ਕੈਪਿਟਲ ਪੁਲਿਸ ਨੂੰ ਦੱਸਿਆ ਕਿ ਜੇਕਰ ਟਰੰਪ 2020 ਦੀ ਚੋਣ ਹਾਰ ਜਾਂਦੇ ਹਨ ਅਤੇ ਅਹੁਦਾ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਉਹ ਉਨ੍ਹਾਂ ’ਤੇ ਹਥਿਆਰ ਨਾਲ ਹਮਲਾ ਕਰ ਦੇਵੇਗਾ।
ਥੌਮਸ ’ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿਚ ਲੌਂਗ ਆਈਲੈਂਡ, ਨਿਊਯਾਰਕ ਵਿਚ ਖੁਫੀਆ ਏਜੰਸੀ ਦੇ ਦਫ਼ਤਰ ਵਿਚ ਦੋ ਵਾਇਸ ਮੇਲ ਸੰਦੇਸ਼ ਛੱਡੇ ਸੀ ਜਿਸ ਵਿਚ ਉਸ ਨੇ ਟਰੰਪ ਦੇ ਨਾਲ ਨਾਲ ਕਾਂਗਰਸ ਦੇ 12 ਅਣਪਛਾਤੇ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਖੁਫੀਆ ਏਜੰਸੀ ਦੇ ਅਨੁਸਾਰ ਥੌਮਸ ਨੇ ਕਿਹਾ ਸੀ ਕਿ ਹਾਂ ਇਹ ਧਮਕੀ ਹੈ, ਆਓ ਅਤੇ ਮੈਨੂੰ ਗ੍ਰਿਫਤਾਰ ਕਰੋ, ਮੈਂ ਉਨ੍ਹਾਂ ਮਾਰਨ ਲਈ ਕੁਝ ਵੀ ਕਰਾਂਗਾ ਥੌਮਸ ’ਤੇ ਇਹ ਵੀ ਦੋਸ਼ ਹਨ ਕਿ ਉਸ ਨੇ ਪਿਛਲੇ ਨਵੰਬਰ ਵਿਚ ਨਿਊਯਾਰਕ ਸ਼ਹਿਰ ਵਿਚ ਖੁਫੀਆ ਏਜੰਸੀ ਦੇ ਡੈਸਕ ਨੂੰ ਤਿੰਨ ਵਾਰ ਫੋਨ ਕੀਤਾ ਅਤੇ ਹਰ ਵਾਰ ਨਾਂ ਨਾਲ ਅਪਣੇ ਬਾਰੇ ਦੱਸਿਆ। ਇਹੀ ਨਹੀਂ ਪਿਛਲੇ ਮਹੀਨੇ ਇੱਕ ਹੋਰ ਕਾਲ ਵਿਚ ਉਨ੍ਹਾਂ ਨੇ ਕਿਹਾ ਕਿ ਨਵਾਂ ਗ੍ਰਹਿ ਯੁੱਧ ਛਿੜ ਸਕਦਾ ਹੈ।