ਪ੍ਰਧਾਨ ਮੰਤਰੀ ਦੀ ਰੈਲੀ ਵਿਚ ਹੋਰ ਕੁਝ ਨਹੀਂ ਬਸ ਜੁਮਲੇ ਹੀ ਸੁਣਨ ਨੂੰ ਮਿਲਣਗੇ: ਭਗਵੰਤ ਮਾਨ

ਪ੍ਰਧਾਨ ਮੰਤਰੀ ਦੀ ਰੈਲੀ ਵਿਚ ਹੋਰ ਕੁਝ ਨਹੀਂ ਬਸ ਜੁਮਲੇ ਹੀ ਸੁਣਨ ਨੂੰ ਮਿਲਣਗੇ: ਭਗਵੰਤ ਮਾਨ

ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਲੀ ਕੀਤੀ ਗਈ, ਜਿਸ ਵਿਚ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਪਹੁੰਚੇ। ਰੈਲੀ ਵਿਚ ਸੰਬੋਧਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ੍ਹ ਪੰਜਾਬ ਆਮਦ ਸਬੰਧੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਵਿੱਚ ਹੋਰ ਕੁਝ ਨਹੀਂ, ਨਵੇਂ ਜੁਮਲੇ ਸੁਣਨ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਜੁਮਲੇ ਕਦੇ ਪੂਰੇ ਨਹੀਂ ਹੋਏ।

ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਜਾਣ ਉਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਸੇਵਾਦਾਰ ਵਜੋਂ ਪੰਜਾਬ ਵਿੱਚ ਸੇਵਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਪਾਰਟੀ ਦੀ ਪੀਐਸਸੀ ਫੈਸਲਾ ਲਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਿਸੇ ਰਾਜਸੀ ਪਾਰਟੀ ਨਾਲ ਨਹੀਂ ਬਲਕਿ ਭ੍ਰਿਸ਼ਟਾਚਾਰ, ਮਾਫੀਆ ਅਤੇ ਗ਼ਰੀਬੀ ਨਾਲ ਹੈ।

ਸੰਯੁਕਤ ਸਮਾਜ ਮੋਰਚੇ ਨਾਲ ਆਪ ਦੇ ਗੱਠਜੋੜ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨਾਲ ਕਦੇ ਵੀ ਸਮਾਜ ਮੋਰਚੇ ਦੇ ਗੱਠਜੋੜ ਸਬੰਧੀ ਗੱਲਬਾਤ ਹੀ ਨਹੀਂ ਚੱਲੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਰਿੰਦਰ ਮੋਦੀ ਦੀ ਆਮਦ ਉਤੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਉਤੇ ਤੰਜ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਭਾਜਪਾ ਨਾਲ ਗੱਠਜੋੜ ਕੀਤਾ ਸੀ ਉਦੋਂ ਤਾਂ ਕੋਈ ਪੈਕੇਜ ਪੰਜਾਬ ਲਈ ਲਿਆਂਦਾ ਨਹੀਂ ਗਿਆ।

ਪੰਜਾਬ ਵਿਚ ਅਮਨ ਕਾਨੂੰਨ ਸਬੰਧੀ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਧਿਰ ਸੱਤਾ ਵਿਚ ਹੈ, ਉਹ ਆਪਸ ਵਿੱਚ ਲੜ ਰਹੀਆਂ ਹਨ ਤੇ ਲੋਕਾਂ ਨੂੰ ਲਾਵਾਰਸ ਛੱਡ ਰੱਖਿਆ ਹੈ।

ਦੂਜੇ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਉੱਥੇ ਹੀ ਅੱਜ ਮੁਕਤਸਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਦੌਰਾਨ ਕਿਸੇ ਵੀ ਵਿਅਕਤੀ ਵੱਲੋਂ ਮਾਸਕ ਦੀ ਵਰਤੋਂ ਨਹੀਂ ਕੀਤੀ ਹੋਈ ਸੀ। ਇੱਥੋਂ ਤਕ ਕਿ ਸਟੇਜ ਉੱਪਰ ਬੈਠੇ ਹੋਏ ਮੁਕਤਸਰ ਦੀ ਆਪ ਲੀਡਰਸ਼ਿਪ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵੱਲੋਂ ਵੀ ਮਾਸਕ ਦੀ ਵਰਤੋਂ ਨਹੀਂ ਕੀਤੀ ਗਈ।

Share: