ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ‘ਤੇ ਪੰਜਾਬ ਨੂੰ ਕਰਜ਼ੇ ਵਿੱਚ ਡੁੱਬਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, “ਕਾਂਗਰਸ ਅਤੇ ਬਾਦਲ ਸਰਕਾਰਾਂ ਨੇ ਪਿਛਲੇ 50 ਸਾਲਾਂ ਵਿੱਚ ਪੰਜਾਬ ਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ਈ ਬਣਾ ਦਿੱਤਾ ਹੈ। ਅੱਜ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦਾ ਹਰ ਵਿਅਕਤੀ 1 ਲੱਖ ਰੁਪਏ ਦਾ ਕਰਜ਼ਈ ਹੈ। ਅੱਜ ਪੰਜਾਬ ਵਿੱਚ ਜਨਮ ਲੈਂਦੇ ਹੀ ਬੱਚੇ ਸਿਰ ਉੱਤੇ ਇੱਕ ਲੱਖ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ।
ਚੱਡਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਲਾਨਾ ਬਜਟ ਦਾ 20 ਫੀਸਦੀ ਸਿਰਫ ਕਰਜ਼ੇ ਦੇ ਵਿਆਜ ਦੀ ਅਦਾਇਗੀ ‘ਤੇ ਹੀ ਖਰਚ ਹੋ ਜਾਂਦਾ ਹੈ, ਜੇਕਰ ਸੂਬਾ ਸਰਕਾਰ ‘ਤੇ ਇੰਨਾ ਕਰਜ਼ਾ ਨਾ ਹੁੰਦਾ ਤਾਂ ਇਹ ਪੈਸਾ ਚੰਗੇ ਹਸਪਤਾਲਾਂ ਲਈ ਵਰਤਿਆ ਜਾਂਦਾ। ਸਕੂਲ, ਸੜਕਾਂ ਆਦਿ ਓਵਰ ਬ੍ਰਿਜ ਅਤੇ ਹੋਰ ਵਿਕਾਸ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਹੋਣੀਆਂ ਸਨ ਪਰ ਲੋਕਾਂ ਦੇ ਟੈਕਸ ਦਾ ਪੈਸਾ ਕਰੋੜਾਂ ਰੁਪਏ ਦਾ ਕਰਜ਼ਾ ਮੋੜਨ ਵਿੱਚ ਖਰਚ ਕੀਤਾ ਜਾ ਰਿਹਾ ਹੈ।
ਅਕਾਲੀ ਕਾਂਗਰਸੀ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਚੱਢਾ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਸਾਲ ਦਰ ਸਾਲ ਖਾਲੀ ਹੋ ਰਿਹਾ ਹੈ, ਪਰ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਦੀ ਜਾਇਦਾਦ ਹਰ ਸਾਲ ਵਧਦੀ ਜਾ ਰਹੀ ਹੈ, ਜਿਹੜੇ ਵਿਧਾਇਕ ਪਹਿਲਾਂ ਸਕੂਟਰਾਂ ‘ਤੇ ਘੁੰਮਦੇ ਸਨ, ਅੱਜ ਉਹ ਜ਼ਮੀਨਾਂ ਵਾਲੇ ਹੋ ਕੇ ਕਰੂਜ਼ਰ ਅਤੇ ਮਰਸਡੀਜ਼ ‘ਤੇ ਘੁੰਮ ਰਹੇ ਹਨ। ਲੋਕਾਂ ਦੇ ਪੈਸਿਆਂ ਨਾਲ ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਕੋਠੀ ਤੇ ਫਾਰਮ ਹਾਊਸ ਬਣਾ ਲਿਆ ਹੈ।ਦੋ ਕਰੋੜ ਦੀਆਂ ਕਾਰਾਂ ਉੱਤੇ ਚੜ੍ਹਨ ਵਾਲੇ ਆਗੂ ਅੱਜ ਕਹਿ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਅਸਲ ਵਿੱਚ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਕਾਰਨ ਇਹਨਾਂ ਨੇਤਾਵਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਹੈ।”