ਬਠਿੰਡਾ -ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿਖੇ ਵਾਪਰੀਆਂ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਵਾਲੀਆਂ ਘਟਨਾਵਾਂ ਤੇ ਅੱਜ ਲੁਧਿਆਣਾ ਵਿਖੇ ਹੋਏ ਬੰਬ ਬਲਾਸਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਮੈਨ ਮੋਹਿਤ ਗੁਪਤਾ ਨੇ ਗਹਿਰੀ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਸਰਕਾਰ ,ਖੁਫੀਆ ਏਜੰਸੀਆਂ ਦੀ ਕਾਰਵਾਈ ਤੇ ਸਵਾਲ ਉਠਾਏ ਹਨ ।
ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮੋਹਿਤ ਗੁਪਤਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ, ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ, ਆਉਣ ਦਾ ਸਮਾਂ ਚੋਣਾਂ ਦਾ ਹੋਣ ਕਰਕੇ ਪੰਜਾਬ ਲਈ ਚਿੰਤਾ ਵਾਲਾ ਬਣਿਆ ਹੋਇਆ ਹੈ, ਸਰਕਾਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਨੱਥ ਪਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਵਿਰੋਧੀਆਂ ਦੀ ਆਵਾਜ਼ ਝੂਠੇ ਪਰਚੇ ਦਰਜ ਕਰ ਕੇ ਦਬਾਉਣ ਵੱਲ ਕੰਮ ਕਰ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਦੀ ਡਿਊਟੀ ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਹੈ, ਪਰ ਮੁੱਖ ਮੰਤਰੀ ਸਮੇਤ ਸਰਕਾਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ,ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਹੋ ਰਹੇ ਹਨ ਜਿਸ ਕਰਕੇ ਦਿਨ ਬ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਤੇ ਹਰ ਪੰਜਾਬੀ ਨੂੰ ਧਿਆਨ ਦੇਣ ਦੀ ਲੋੜ ਹੈ ।
ਉਨ੍ਹਾਂ ਦੋਸ਼ ਲਾਇਆ ਕੇ ਘਟਨਾਵਾਂ ਸਰਕਾਰ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਨਾਕਾਮੀਆਂ ਸਾਬਤ ਕਰਦੀਆਂ ਹਨ ਜੋ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਭਾਪ ਵੀ ਨਹੀਂ ਸਕੀਆਂ ਅਤੇ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ । ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਕਿ ਉਹ ਸੂਬੇ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਨਾ ਕਿ ਸਿਆਸੀ ਸਾਜ਼ਿਸ਼ਾਂ ਤਹਿਤ ਵੋਟ ਦੀ ਰਾਜਨੀਤੀ ਲਈ ਝੂਠੇ ਪਰਚੇ ਦਰਜ ਕਰਨ ,ਕਿਉਂਕਿ ਇਨ੍ਹਾਂ ਵਾਪਰੀਆਂ ਘਟਨਾਵਾਂ ਕਾਰਨ ਸੂਬੇ ਦਾ ਜੋ ਨੁਕਸਾਨ ਹੋਣਾ ਹੈ ਉਸ ਦੀ ਕੋਈ ਭਰਪਾਈ ਨਹੀਂ ਕਰ ਸਕੇਗਾ । ਉਨ੍ਹਾਂ ਬੰਬ ਬਲਾਸਟ ਵਿਚ ਮਾਰੇ ਗਏ ਲੋਕਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਹ ਲੱਖ ਰੁਪਏ ਅਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ,ਜ਼ਖ਼ਮੀਆਂ ਨੂੰ ਵੀਹ ਲੱਖ ਰੁਪਏ ਅਤੇ ਨੌਕਰੀਆਂ ਦੇਣ ਦੀ ਮੰਗ ਅਤੇ ਸਾਜ਼ਿਸ਼ ਕਰਤਾਵਾਂ ਦੇ ਚਿਹਰੇ ਬੇਨਕਾਬ ਕਰਨ ਦੀ ਮੰਗ ਕੀਤੀ।