ਬੇਅਦਬੀ ਦਾ ਇਨਸਾਫ਼ ਦਿਵਾਉਣਾ CM ਚੰਨੀ ਦਾ ਉਦੇਸ਼ ਨਹੀਂ: ਚੀਮਾ

ਬੇਅਦਬੀ ਦਾ ਇਨਸਾਫ਼ ਦਿਵਾਉਣਾ CM ਚੰਨੀ ਦਾ ਉਦੇਸ਼ ਨਹੀਂ: ਚੀਮਾ

ਚੰਡੀਗੜ੍ਹ: Punjab Elections 2022: ਹਾਲ ਹੀ ‘ਚ ਅੰਮ੍ਰਿਤਸਰ ‘ਚ ਪਵਿੱਤਰ ਹਰਿਮੰਦਰ ਸਾਹਿਬ (Golden Temple Sacrilege) ਦੀ ਬੇਅਦਬੀ ਦੀ ਘਟਨਾ (Sacrilege) ਅਤੇ ਉਸ ਤੋਂ ਬਾਅਦ ਸੂਬੇ ‘ਚ ਪੈਦਾ ਹੋਏ ਹਿੰਸਕ ਮਾਹੌਲ ਨੂੰ ਆਮ ਆਦਮੀ ਪਾਰਟੀ (AAM AADMY PARTY) ਨੇ ਵੱਡੀ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ (AAP) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ, ‘ਰਵਾਇਤੀ ਪਾਰਟੀਆਂ ਪੰਜਾਬੀ ਭਾਈਚਾਰੇ ਨੂੰ ਵਿਗਾੜਨ ਲਈ 2015 ਤੋਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ।’

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਕਾਂਗਰਸ ਸਰਕਾਰ ਦੇ ਦਾਅਵੇ ’ਤੇ ਸਵਾਲ ਉਠਾਉਂਦਿਆਂ ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਨੇ ਦੋ ਦਿਨਾਂ ਵਿੱਚ ਸਾਰੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਫੜਨ ਦਾ ਦਾਅਵਾ ਕੀਤਾ ਸੀ। ਅੱਜ ਚਾਰ ਦਿਨ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਸਾਜ਼ਿਸ਼ਕਾਰਾਂ ਨੂੰ ਫੜਨਾ ਤਾਂ ਦੂਰ, ਕਾਂਗਰਸ ਸਰਕਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਸ਼ਨਾਖਤ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਜਿੱਤਣ ਦੇ ਮਕਸਦ ਨਾਲ ਮਾਮਲੇ ਨੂੰ ਪੇਚੀਦਾ ਬਣਾਉਣ ਲਈ ਜਾਂਚ ਵਿੱਚ ਦੇਰੀ ਕਰ ਰਹੀ ਹੈ।

ਸੱਤਾਧਾਰੀ ਕਾਂਗਰਸ ਸਰਕਾਰ ਦੇ ਇਰਾਦਿਆਂ ‘ਤੇ ਸਵਾਲ ਉਠਾਉਂਦਿਆਂ ਚੀਮਾ ਨੇ ਕਿਹਾ, “2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਕਾਂਗਰਸ 2017 ਵਿੱਚ ਸੱਤਾ ਵਿੱਚ ਆਈ ਸੀ ਪਰ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।” ਸਵਾਲ ਪੁੱਛਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਮਨਸ਼ਾ ਸੱਚਮੁੱਚ ਹੀ ਇਨਸਾਫ਼ ਦਿਵਾਉਣਾ ਸੀ ਤਾਂ ਕਾਂਗਰਸ ਸਰਕਾਰ ਨੇ ਇਸ ਮਾਮਲੇ ਸਬੰਧੀ 2018 ਦੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਅੱਜ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਕਾਂਗਰਸ ਸਰਕਾਰ ਵੱਲੋਂ ਵਾਰ-ਵਾਰ ਨਵੀਂ ਐਸ.ਆਈ.ਟੀ ਬਣਾਉਣ ਤੋਂ ਬਾਅਦ ਵੀ ਅੱਜ ਤੱਕ ਨਾ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਅਤੇ ਨਾ ਹੀ ਸੰਗਤਾਂ ਨੂੰ ਇਨਸਾਫ਼ ਮਿਲਿਆ ਹੈ।

ਚੀਮਾ ਨੇ ਕਿਹਾ, “ਹਰ ਵਾਰ ਚੋਣਾਂ ਮੌਕੇ ਸਿਆਸੀ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਇਸ ਪਿੱਛੇ ਸਰਕਾਰ ਅਤੇ ਸਰਕਾਰੀ ਏਜੰਸੀਆਂ ਦਾ ਹੱਥ ਹੈ। 2015 ਤੋਂ ਹੁਣ ਤੱਕ ਪੰਜਾਬ ਵਿੱਚ ਹੀ ਨਹੀਂ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਗੋਂ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਸ਼੍ਰੀਮਦ ਭਾਗਵਤ ਗੀਤਾ ਅਤੇ ਇਸਲਾਮ ਦੇ ਪਵਿੱਤਰ ਗ੍ਰੰਥ ਕੁਰਾਨ ਸਾਹਿਬ ਦੀ ਵੀ ਬੇਅਦਬੀ ਹੋਈ। ਪਰ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਸੱਤਾਧਾਰੀ ਧਿਰ ਆਪਣੇ ਸਿਆਸੀ ਲਾਹੇ ਲਈ ਜਾਣਬੁੱਝ ਕੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਨਹੀਂ ਫੜਦੀ।

ਅਕਾਲੀ ਦਲ (ਬਾਦਲ) ਨੂੰ ਆੜੇ ਹੱਥੀਂ ਲੈਂਦਿਆਂ ਚੀਮਾ ਨੇ ਕਿਹਾ ਕਿ 2015 ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਬੇਅਦਬੀ ਕਾਂਡ ਵਾਪਰਿਆ ਸੀ, ਉਸ ਤੋਂ ਬਾਅਦ ਡੇਢ ਸਾਲ ਤੱਕ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ। . ਪਰ ਡੇਢ ਸਾਲ ਤੋਂ ਬਾਦਲ ਸਰਕਾਰ ਨੇ ਜਾਣਬੁੱਝ ਕੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਰਵਾਇਤੀ ਪਾਰਟੀਆਂ ਪੰਜਾਬ ਦੀ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਵਿਰੋਧੀ ਤਾਕਤਾਂ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਹਨ ਤਾਂ ਜੋ ਲੋਕ ਸਿੱਖਿਆ, ਮੈਡੀਕਲ ਅਤੇ ਰੁਜ਼ਗਾਰ ਵਰਗੇ ਅਸਲ ਮੁੱਦਿਆਂ ਨੂੰ ਛੱਡ ਕੇ ਜਾਤ-ਪਾਤ ਅਤੇ ਧਾਰਮਿਕ ਮੁੱਦਿਆਂ ਵਿੱਚ ਫਸੇ ਰਹਿਣ।

Share: