ਚੰਡੀਗੜ੍ਹ: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁੱਧਵਾਰ ਨੂੰ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਅਸਲ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ‘ਤੇ ਫਾਸਟ ਟਰੈਕ ਮੋਡ ਵਿੱਚ ਹੱਲ ਕੀਤਾ ਜਾਵੇਗਾ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਜ਼ਰੀ ਵਿੱਚ ਬੁੱਧਵਾਰ ਇੱਥੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਵਾਲੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਉਨ੍ਹਾਂ ਵੱਲੋਂ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਬਹੁਤੀਆਂ ਮੰਗਾਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਨੂੰ ਵੀ ਸਬੰਧਤ ਕੁਆਟਰਾਂ ਤੋਂ ਚੰਗੀ ਤਰ੍ਹਾਂ ਘੋਖ ਕੇ ਜਲਦੀ ਹੀ ਸੁਖਾਵੇਂ ਢੰਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਪਲੇਟਫਾਰਮ ‘ਤੇ ਉਦਯੋਗ ਦੇ ਨੁਮਾਇੰਦਿਆਂ ਦੁਆਰਾ ਝੰਡੀ ਦਿੱਤੇ ਗਏ ਮੁੱਦੇ ਵਿਭਿੰਨ ਪ੍ਰਕਾਰ ਦੇ ਹਨ। ਜੀ.ਐੱਸ.ਟੀ., ਪ੍ਰਦੂਸ਼ਣ ਅਤੇ ਬਿਜਲੀ, ਜਿਨ੍ਹਾਂ ਨੂੰ ਸਬੰਧਤ ਪ੍ਰਸ਼ਾਸਨਿਕ ਸਕੱਤਰਾਂ ਦੇ ਵਿਚਾਰ ਲੈ ਕੇ ਪੂਰੀ ਤਨਦੇਹੀ ਤੋਂ ਬਾਅਦ ਨਜਿੱਠਣ ਦੀ ਲੋੜ ਹੈ।
ਮੰਡੀ ਗੋਬਿੰਦਗੜ੍ਹ ਦੀ ਸਟੀਲ ਮਾਰਕੀਟ ਵਿੱਚ ਚੱਲ ਰਹੇ ਐਸਐਮਐਸ ਰੈਕੇਟ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਨੂੰ ਅਜਿਹੇ ਅਨੈਤਿਕ ਵਪਾਰਕ ਅਮਲਾਂ ਵਿੱਚ ਸ਼ਾਮਲ ਸਾਰੇ ਬੇਈਮਾਨ ਅਨਸਰਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਪੀਐਸਪੀਸੀਐਲ ਅਧਿਕਾਰੀਆਂ ਨੂੰ ਦੋ ਮਹੀਨਿਆਂ ਯਾਨੀ ਅਪ੍ਰੈਲ ਅਤੇ ਮਈ 2020 ਦੇ ਸਥਿਰ ਬਿਜਲੀ ਖਰਚਿਆਂ ਨੂੰ ਮੁਆਫ ਕਰਨ ਲਈ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੀ ਮੰਗ ‘ਤੇ ਗੌਰ ਕਰਨ ਲਈ ਵੀ ਕਿਹਾ ਕਿਉਂਕਿ ਉਦਯੋਗ ਕੋਵਿਡ-19 ਮਹਾਂਮਾਰੀ ਦੌਰਾਨ ਬੰਦ ਹੋ ਗਿਆ ਸੀ।