ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬਰਨਾਲਾ: ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ।

ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 437ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕੱਲ੍ਹ ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀਆਨਾ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਲਾਠੀਚਾਰਜ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵਿਚਲੇ ਡੀਐੱਸਪੀ ਵੱਲੋਂ ਸਿਰੇ ਦੀ ਜ਼ਾਲਮਾਨਾ ਬਿਰਤੀ ਦਾ ਮੁਜ਼ਾਹਰਾ ਕੀਤਾ ਗਿਆ ਹੈ।

ਮੱਧ ਯੁੱਗੀ ਜਗੀਰੂ ਜ਼ਮਾਨੇ ਵਾਂਗ ਵਹਿਸ਼ੀਆਨਾ ਤਰੀਕੇ ਨਾਲ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਜਿਵੇਂ ਕੁਟਾਪਾ ਚਾੜ੍ਹਿਆ ਗਿਆ, ਇਹ ਜ਼ੁਲਮ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ‘ਤੇ ਕੇਸ ਦਰਜ ਕੀਤਾ ਜਾਵੇ, ਉਸ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ ਤੇ ਮੁੱਖ ਮੰਤਰੀ ਅਜਿਹੇ ਵਿਹਾਰ ਲਈ ਜਨਤਕ ਮੁਆਫ਼ੀ ਮੰਗੇ।

ਅੱਜ ਦਿੱਲੀ ਤੋਂ ਸ਼ੁਰੂ ਹੋਏ ਫਤਹਿ ਮਾਰਚ ਦੀਆਂ ਖਬਰਾਂ ਦਾ ਖੁਸ਼ਨੁਮਾ ਅਸਰ ਬਰਨਾਲਾ ਧਰਨੇ  ‘ਚ ਵੀ ਦੇਖਣ ਨੂੰ ਮਿਲਿਆ। ਪੰਜਾਬ ਵੱਲ ਕੂਚ ਕਰਨ ਸਮੇਂ ਦਿੱਲੀ ਦੇ ਬਾਰਡਰਾਂ ਅਤੇ ਹਰਿਆਣਾ ਵਿਚ ਥਾਂ ਥਾਂ ਪੈਂਦੇ ਭੰਗੜੇ, ਗਿੱਧੇ, ਫੁੱਲਾਂ ਦੀ ਬਾਰਿਸ਼, ਲੰਗਰ, ਸਵਾਗਤੀ ਗੇਟ, ਭਰਵੇਂ ਸਵਾਗਤ ,ਆਗੂਆਂ ਦੇ ਗਲਾਂ ‘ਚ ਪੈਂਦੇ ਹਾਰ, ਧਰਨੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ।

ਆਗੂਆਂ ਜਿੱਥੇ ਇਨ੍ਹਾਂ ਖੁਸ਼ੀਆਂ ਦਾ ਜ਼ਿਕਰ ਕਰਦੇ ਰਹੇ, ਉਥੇ 700 ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕਰਨਾ ਵੀ ਨਹੀਂ ਭੁੱਲੇ। ਆਗੂਆਂ ਨੇ ਕਿਹਾ ਕਿ ਇਹ ਜਿੱਤ ਵੱਡੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਹੈ। ਦਿੱਲੀ, ਹਰਿਆਣਾ ਤੋਂ ਆ ਰਹੀਆਂ ਖਬਰਾਂ ਨੇ ਧਰਨੇ ਦਾ ਮਾਹੌਲ  ਨੂੰ ਗਰਮਾਈ  ਰੱਖਿਆ।

ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਦੇ ਟਿਕਰੀ ਬਾਰਡਰ ਚੱਲਿਆ ਫਤਿਹ ਮਾਰਚ ਕੱਲ੍ਹ 12 ਤਰੀਕ ਨੂੰ  ਬੁਢਲਾਡਾ ਰਾਹੀਂ ਪੰਜਾਬ ਵਿੱਚ ਦਾਖਲ ਹੋਵੇਗਾ। ਇਸ ਫਤਹਿ ਮਾਰਚ ਦੇ ਭਰਵੇਂ  ਸਵਾਗਤ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੰਯੁਕਤ ਕਿਸਾਨ ਮੋਰਚਾ ਬਰਨਾਲਾ ਵੱਲੋਂ ਇਸ ਫਤਹਿ ਮਾਰਚ ਦਾ ਸਵਾਗਤ ਹੰਢਿਆਇਆ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼ਾਮ ਤਿੰਨ ਵਜੇ ਕੀਤਾ ਜਾਵੇਗਾ।

ਆਗੂਆਂ ਨੇ ਇਸ ਇਤਿਹਾਸਕ ਮੌਕੇ ਸਭ ਨੂੰ ਹੁੰਮ ਹੁੰਮਾ ਕੇ ਹੰਢਿਆਇਆ ਪਹੁੰਚਣ ਦਾ ਸੱਦਾ ਦਿੱਤਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਮੇਲਾ ਸਿੰਘ ਕੱਟੂ, ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ ਕਲਾਂ,ਜਸਪਾਲ ਕੌਰ,ਪ੍ਰੇਮਪਾਲ ਕੌਰ, ਅਮਰਜੀਤ ਕੌਰ, ਗੁਰਚਰਨ ਸਿੰਘ ਸਰਪੰਚ, ਸਾਹਿਬ ਸਿੰਘ ਬਡਬਰ, ਨੇਕਦਰਸ਼ਨ ਸਿੰਘ,ਪ੍ਰਮਿੰਦਰ ਹੰਢਿਆਇਆ ਨੇ ਸੰਬੋਧਨ ਕੀਤਾ। ਜਿਉਂ ਜਿਉਂ ਧਰਨੇ ਦੇ ਖਤਮ ਹੋਣ ਦਾ ਦਿਨ ਨਜਦੀਕ ਆ ਰਿਹਾ ਹੈ, ਧਰਨੇ ਦੀਆਂ ਯਾਦਾਂ ਨੂੰ ਸਾਂਭਣ ਦੇ ਯਤਨ ਵੀ ਤੇਜ ਹੋ ਗਏ ਹਨ।

ਧਰਨੇ ਵਿੱਚ ਸ਼ਮੂਲੀਅਤ ਦੀ ਸ਼ਾਹਦੀ ਭਰਨ ਵਾਲੀਆਂ ਫੋਟੋਆਂ ਖਿਚਵਾਉਣ ਲਈ ਭਾਰੀ ਉਤਸ਼ਾਹ ਹੈ। ਕਿਸਾਨ ਬੀਬੀਆਂ ਆਪਣੇ ਮਨਪਸੰਦ ਗਰੁੱਪਾਂ ਤੇ ਧਰਨੇ ਦੌਰਾਨ ਬਣੀਆਂ ਸਹੇਲੀਆਂ ਨਾਲ ਫੋਟੋਆਂ ਖਿਚਵਾ ਕੇ ਫਰੇਮ ਕਰਵਾ ਰਹੀਆਂ ਹਨ। ਅੱਜ ਗੁਰਦੁਆਰਾ ਸਾਹਿਬ ਕਾਲਾ ਮੈਹਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਨੇ ਪਕੌੜਿਆਂ ਦੇ ਲੰਗਰ ਦੀ ਸੇਵਾ ਨਿਭਾਈ। ਅੱਜ ਹੇਮ ਰਾਜ ਠੁੱਲੀਵਾਲ, ਗੁਰਪ੍ਰੀਤ ਸੰਘੇੜਾ, ਸਰਦਾਰਾ ਸਿੰਘ ਮੌੜ ਨੇ ਗੀਤ ਸੁਣਾਏ।

Share: