ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਲਿਸਟ `ਚ ਨਿਰਮਲਾ ਸੀਤਾਰਮਨ ਸ਼ਾਮਲ

ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਲਿਸਟ `ਚ ਨਿਰਮਲਾ ਸੀਤਾਰਮਨ ਸ਼ਾਮਲ

ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਫ਼ੋਰਬਜ਼ ਨੇ 2021 ਦੀ ਦੁਨੀਆ ਦੀ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇਸ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਸੂਚੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਹਿਲੇ ਸਥਾਨ ‘ਤੇ ਵੀ ਇੱਕ ਨਵਾਂ ਚਿਹਰਾ ਕਾਬਿਜ਼ ਹੋ ਗਿਆ ਹੈ। ਪਿਛਲੇ ਸਾਲ ਜਿਹੜੀ ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਸੀ ਉਨ੍ਹਾਂ ਵਿੱਚੋਂ ਕਈ ਔਰਤਾਂ ਨੂੰ ਇਸ ਵਾਰ ਇਸ ਲਿਸਟ ਵਿੱਚ ਸਥਾਨ ਨਹੀਂ ਮਿਲ ਸਕਿਆ ਹੈ।

ਪਰ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇਸ਼ ਦੀਆਂ 4 ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿੱਚ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ 37ਵਾਂ ਸਥਾਨ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੇ ਆਪਣੀ ਜਗ੍ਹਾ ਇਸ ਲਿਸਟ ਵਿੱਚ ਬਣਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਫੋਰਬਸ ਨੇ ਨਿਰਮਲਾ ਸੀਤਾਰਮਨ ਨੂੰ ਲਗਾਤਾਰ ਤੀਜੀ ਵਾਰ ‘ਵਿਸ਼ਵ ਦੀਆਂ 100 ਸਭ ਤੋਂ ਤਾਕਤਵਰ ਔਰਤਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਵਾਰ ਉਹ ਸੂਚੀ ਵਿੱਚ 37ਵੇਂ ਨੰਬਰ ‘ਤੇ ਹੈ, ਜਦੋਂ ਕਿ ਸਾਲ 2020 ਵਿੱਚ ਉਹ 41ਵੇਂ ਅਤੇ ਸਾਲ 2019 ਵਿੱਚ 34ਵੇਂ ਨੰਬਰ ‘ਤੇ ਸੀ। ਇਹ ਜਾਣਿਆ ਜਾਂਦਾ ਹੈ ਕਿ ਸੀਤਾਰਮਨ ਭਾਰਤੀ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਹੈ। ਖਾਸ ਗੱਲ ਇਹ ਹੈ ਕਿ ਫੋਰਬਸ ਦੀ ਸੂਚੀ ‘ਚ ਨਿਰਮਲਾ ਸੀਤਾਰਮਨ ਅਮਰੀਕੀ ਖਜ਼ਾਨਾ ਸਕੱਤਰ ਜੇਨੇਟ ਯੇਲੇਨ ਤੋਂ ਅੱਗੇ ਹਨ, ਯੇਲੇਨ ਇਸ ਸੂਚੀ ‘ਚ 39ਵੇਂ ਨੰਬਰ ‘ਤੇ ਹਨ।

ਕਿਰਨ ਮਜ਼ੂਮਦਾਰ ਸ਼ਾਅ ਨੇ ਹਾਸਲ ਕੀਤਾ 72ਵਾਂ ਸਥਾਨ 

ਜਦਕਿ ਬਾਇਓਕਾਨ ਦੀ ਸੰਸਥਾਪਕ ਅਤੇ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਦਾ ਨਾਂ ਇਸ ਸੂਚੀ ‘ਚ 72ਵੇਂ ਸਥਾਨ ‘ਤੇ ਸ਼ਾਮਲ ਹੈ। ਕਿਰਨ ਮਜ਼ੂਮਦਾਰ ਸ਼ਾਅ ਦੇਸ਼ ਦਾ ਜਾਣਿਆ-ਪਛਾਣਿਆ ਨਾਮ ਹੈ। ਉਸ ਨੂੰ ਪਿਛਲੀ ਵਾਰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਉਸ ਦਾ ਨੰਬਰ 68ਵਾਂ ਸੀ। ਕਿਰਨ ਮਜ਼ੂਮਦਾਰ ਸ਼ਾਅ ਬਾਇਓਕਾਨ ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ ਅਤੇ ਸਿਨਜੀਨ ਇੰਟਰਨੈਸ਼ਨਲ ਲਿਮਟਿਡ ਅਤੇ ਕਲੀਨਗੀਨ ਇੰਟਰਨੈਸ਼ਨਲ ਲਿਮਿਟੇਡ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੂੰ ਵੱਕਾਰੀ ਪਦਮ ਸ਼੍ਰੀ (1989) ਅਤੇ ਪਦਮ ਭੂਸ਼ਣ (2005) ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਫਾਲਗੁਨੀ ਨਾਇਰ ਅਤੇ ਰੌਸ਼ਨੀ ਨਾਦਰ ਦੇ ਨਾਂਅ ਵੀ ਲਿਸਟ ‘ਚ ਸ਼ਾਮਲ

ਇਸ ਤਰ੍ਹਾਂ ਜਦੋਂ ਕਿ Nykaa ਦੇ ਸੰਸਥਾਪਕ ਅਤੇ ਸੀਈਓ ਫਾਲਗੁਨੀ ਨਾਇਰ ਇਸ ਸੂਚੀ ਵਿੱਚ 88ਵੇਂ ਨੰਬਰ ‘ਤੇ ਹਨ। ਨਾਇਰ ਨੂੰ ਇਸ ਸਾਲ ਭਾਰਤ ਦੀ ਸੱਤਵੀਂ ਮਹਿਲਾ ਅਰਬਪਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਸੂਚੀ ਵਿੱਚ ਐਚਸੀਐਲ ਟੈਕਨਾਲੋਜੀ ਦੀ ਚੇਅਰਪਰਸਨ ਰੌਸ਼ਨੀ ਨਾਦਰ ਨੂੰ 52ਵਾਂ ਸਥਾਨ ਮਿਲਿਆ ਹੈ। ਰੌਸ਼ਨੀ ਪਿਛਲੇ ਸਾਲ 55ਵੇਂ ਨੰਬਰ ‘ਤੇ ਸੀ।

ਮੋਦੀ ਕੈਬਨਿਟ ਦੀ ‘ਮਹਿਲਾ ਸੈਨਾ’ ਦਾ ਅਹਿਮ ਹਿੱਸਾ

ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੇ 2014 ਦੇ ਕਾਰਜਕਾਲ ਦੌਰਾਨ ਨਿਰਮਲਾ ਸੀਤਾਰਮਨ ਦੇ ਮੋਢੇ ‘ਤੇ ਰਖਿਆ ਮੰਤਰਾਲਾ ਦੀ ਜ਼ਿੰਮੇਵਾਰੀ ਸੀ। ਜਦਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਦੁਬਾਰਾ ਫ਼ਿਰ ਸੀਤਾਰਮਨ ਨੂੰ ਅਹਿਮ ਜ਼ਿੰਮਾ ਸੌਂਪਿਆ ਗਿਆ। ਉਨਾਂ ਨੂੰ ਵਿਤ ਮੰਤਰਾਲਾ ਦੀ ਕਮਾਨ ਦਿਤੀ ਗਈ। ਜਿਸ ਨੂੰ ਉਹ ਬਖ਼ੂਬੀ ਨਿਭਾ ਰਹੇ ਹਨ।

ਇਨ੍ਹਾਂ ਵਿਸ਼ਵ ਪ੍ਰਸਿੱਧ ਔਰਤਾਂ ਦੇ ਸੂਚੀ ਵਿਚ ਨਾਂਅ

ਦੱਸ ਦਈਏ ਕਿ ਫ਼ੋਰਬਜ਼ ਦੀ ਇਸ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਐਮੇਜ਼ੌਨ ਦੇ ਫ਼ਾਊਂਡਰ ਜੈੱਫ਼ ਬੇਜ਼ੌਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਹੈ। ਜਦਕਿ ਦੂਜਾ ਸਥਾਨ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਾਸਲ ਕੀਤਾ ਹੈ। ਇਸ ਸੂਚੀ ‘ਚ ਚੌਥਾ ਸਥਾਨ ਬਿਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਗੇਟਸ ਨੇ ਹਾਸਲ ਕੀਤਾ। ਇਸ ਸੂਚੀ ‘ਚ 23ਵਾਂ ਸਥਾਨ ਵਿਸ਼ਵ ਪ੍ਰਸਿੱਧ ਟੌਕ ਸ਼ੋਅ ਹੋਸਟ ਤੇ ਐਂਕਰ ਓਪਰਾ ਵਿਨਫ਼ਰੇ ਦਾ ਹੈ। ਇਸ ਸੂਚੀ ‘ਚ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਨੂੰ 70ਵਾਂ ਸਥਾਨ ਮਿਲਿਆ ਹੈ।

ਇਸ ਸੂਚੀ ‘ਚ ਬੰਗਲਾਦੇਸ਼ ਦੀ  ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ 43ਵਾਂ ਸਥਾਨ ਮਿਲਿਆ ਹੈ। ਉਹ ਬੰਗਲਾਦੇਸ਼ ਦੀ ਅੱਜ ਤੱਕ ਦੀ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੀ ਹੈ। ਇਸ ਸੂਚੀ ‘ਚ ਵਿਸ਼ਵ ਪ੍ਰਸਿੱਧ ਗਾਇਕਾ ਰਿਹਾਨਾ, ਬੇਓਂਸੇ ਤੇ ਟੇਅਲਰ ਸਵਿਫ਼ਟ ਨੂੰ ਕ੍ਰਮਵਾਰ 68ਵਾਂ, 76ਵਾਂ ਤੇ 78ਵਾਂ ਸਥਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸੂਚੀ ‘ਚ ਵਿਸ਼ਵ ਪ੍ਰਸਿੱਧ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੂੰ 85ਵਾਂ ਸਥਾਨ ਮਿਲਿਆ ਹੈ।

Share: