ਡਰੱਗ ਮਾਮਲੇ ‘ਚ ਜਲਦੀ ਹੀ ਕਈ ਸਾਲਾਂ ਦੇ ਬੰਦ ਪਏ ਲਿਫਾਫੇ ਖੁੱਲ੍ਹਣਗੇ: ਰੰਧਾਵਾ

ਡਰੱਗ ਮਾਮਲੇ ‘ਚ ਜਲਦੀ ਹੀ ਕਈ ਸਾਲਾਂ ਦੇ ਬੰਦ ਪਏ ਲਿਫਾਫੇ ਖੁੱਲ੍ਹਣਗੇ: ਰੰਧਾਵਾ

ਪਟਿਆਲਾ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ ‘ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜ਼ਾ ਮੁਆਫ਼ੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦ ਪ੍ਰਵਾਨਗੀ ਮਿਲ ਜਾਵੇਗੀ।

ਸ. ਰੰਧਾਵਾ, ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਦੇ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਕਰਵਾਈਆਂ ਗਈਆਂ ਤੀਜੀਆਂ ‘ਪੰਜਾਬ ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਮੌਕੇ, ਜੇਤੂ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਹੋਏ ਸਨ। ਇਨ੍ਹਾਂ ਖੇਡਾਂ ‘ਚ ਪਟਿਆਲਾ ਕੇਂਦਰੀ ਜੇਲ ਓਵਰਆਲ ਜੇਤੂ ਰਹੀ।

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ‘ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਅਤੇ ਹਾਈ ਕੋਰਟ ‘ਚ ਨਸ਼ਿਆਂ ਦੇ ਮਾਮਲੇ ‘ਚ ਰਿਪੋਰਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ‘ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਇਸ ਰਿਪੋਰਟ ਨੂੰ ਲਿਫ਼ਾਫੇ ‘ਚ ਬੰਦ ਕਰੀ ਰੱਖਿਆ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਪੰਜਾਬ ਸਰਕਾਰ ਜਲਦ ਹੀ ਇਸ ਨੂੰ ਲੋਕਾਂ ਦੇ ਸਾਹਮਣੇ ਰੱਖੇਗੀ।ਸ. ਰੰਧਾਵਾ ਨੇ ਹੋਰ ਕਿਹਾ ਕਿ ਅਫ਼ਸੋਸ ਹੈ ਕਿ ਕੈਪਟਨ, ਖ਼ੁਦ ਕਾਂਗਰਸ ਪ੍ਰਧਾਨ ਹੁੰਦਿਆਂ ਕਦੇ ਪਾਰਟੀ ਦਫ਼ਤਰ ਨਹੀਂ ਗਏ ਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਹੀਂ ਨਿਕਲੇ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀਅਤ ਕੀ ਹੈ, ਜਿਸ ਲਈ ਉਹ ਅੱਜ ਬਹੁਤੇ ਹੇਠਲੇ ਪੱਧਰ ‘ਤੇ ਪੁੱਜ ਗਏ ਹਨ।

ਉਨ੍ਹਾਂ ਕਿਹਾ ਕਿ ਗੁਨਾਹ ਕਰਨ ਵਾਲੇ ਬੰਦੀਆਂ ਦੇ ਬੱਚਿਆਂ ਤੇ ਘਰ ਦੇ ਜੀਆਂ ਦਾ ਕੋਈ ਕਸੂਰ ਨਹੀਂ ਹੁੰਦਾ, ਇਸ ਲਈ ਬੰਦੀ ਆਪਣੇ ਪਰਿਵਾਰਕ ਜੀਆਂ ਦਾ ਧਿਆਨ ਕਰਕੇ ਚੰਗੇ ਨਾਗਰਿਕ ਬਣਨ। ਸ. ਰੰਧਾਵਾ ਨੇ ਇਹ ਓਲੰਪਿਕ ਖੇਡਾਂ ਕਰਵਾਉਣ ਵਾਲੇ ਜੇਲ ਅਧਿਕਾਰੀਆਂ, ਖਾਸ ਕਰਕੇ ਏ.ਡੀ.ਜੀ.ਪੀ. ਜੇਲਾਂ ਪਰਵੀਨ ਕੁਮਾਰ ਸਿਨਹਾ, ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਸਮੇਤ ਖੇਡਾਂ ‘ਚ ਹਿੱਸਾ ਲੈਣ ਵਾਲਿਆਂ ਦੀ ਪ੍ਰਸੰਸਾ ਕੀਤੀ।

ਉਨ੍ਹਾਂ ਕਿਹਾ ਕਿ ਜੇਲਾਂ ‘ਤੇ ਇੱਕ ਫ਼ਿਲਮ ਬਣਾਈ ਜਾਵੇਗੀ ਤਾਂ ਕਿ ਕੋਈ ਵਿਅਕਤੀ ਗੁਨਾਹ ਨਾ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਗਤ ਵੀ ਜੇਲਾਂ ‘ਚ ਰਹੇ ਹਨ ਪਰੰਤੂ ਕਿਸੇ ਗੁਨਾਹ ਕਰਕੇ ਜੇਲ ਆਉਣਾ ਅਫ਼ਸੋਸਨਾਕ ਹੈ। ਇਸ ਦੌਰਾਨ ਉਪ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਏ.ਡੀ.ਜੀ.ਪੀ. ਜੇਲਾਂ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਪੰਜਾਬ ਜੇਲ ਉਲੰਪਿਕ ਖੇਡਾਂ ਬੰਦੀਆਂ ਦੇ ਸੁਧਾਰ ਹਿਤ ਇੱਕ ਬਹੁਤ ਛੋਟਾ ਪਰੰਤੂ ਬਹੁਤ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਜੇਲ ਵਿਭਾਗ, ਇਤਿਹਾਸਕ ਸੁਧਾਰਾਂ ਲਈ, ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਦਾ ਰਿਣੀ ਰਹੇਗਾ।

Share: