ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ 2017-22 ਲਈ ਬਣਾਏ ਗਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ ਅਤੇ ਪਾਰਟੀ ਨੇ ਮੁੱਖ ਮੰਤਰੀ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੂਰੇ ਸਫੇ ਦੇ ਇਸ਼ਤਿਹਾਰ ਵਿਚ ਕੀਤੇ ਦਾਅਵੇ ਲੀਰੋ ਲੀਰ ਕਰਦਿਆਂ ਇਸਨੁੰ ਝੂਠ ਦਾ ਪੁਲੰਦਾ ਕਰਾਰ ਦਿੱਤਾ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ 2017 ਦੀਆਂ ਚੋਣਾਂ ਵਾਸਤੇ ਬਣਾਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਕੀ ਬਣਿਆ, ਇਸਦਾ ਹਿਸਾਬ ਪੰਜਾਬੀਆਂ ਨੂੰ ਦੇਣ। ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਦੀ ਸਿਰਫ ਇਕ ਤਸਵੀਰ ਬਦਲੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੀ। ਉਹਨਾਂ ਕਿਹਾ ਕਿ ਬਾਕੀ ਦੇ ਤਿੰਨ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਲਈ ਜਵਾਬਦੇਹ ਹਨ ਜਿਵੇਂ ਕਿ ਸ੍ਰੀ ਚੰਨੀ ਹਨ ਜੋ ਉਸ ਵੇਲੇ ਵੀ ਪਾਰਟੀ ਦਾ ਹਿੱਸਾ ਸਨ।
ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਸ੍ਰੀ ਚੰਨੀ ਨੂੰ ਆਖਿਆ ਕਿ ਉਹ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਦੋਸ਼ ਪਿਛਲੇ ਮੁੱਖ ਮੰਤਰੀ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ। ਉਹਨਾਂ ਕਿਹਾ ਕਿ ਲੋਕ ਤੁਹਾਡੇ ਤੋਂ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨੀ ਕਰਜ਼ਾ ਮੁਆਫੀ ਦੇ ਵਾਅਦੇ ਦਾ ਹਿਸਾਬ ਦਿੱਤੇ ਜਾਣ ਦੀ ਉਡੀਕ ਕਰ ਰਹੇ ਹਨ ਤੇ ਤੁਸੀਂ ਇਸਦੀ ਜ਼ਿੰਮੇਵਾਰੀ ਕੇਂਦਰ ਸਿਰ ਪਾ ਕੇ ਆਪਣੇ ਹੱਥ ਨਹੀਂ ਝਾੜ ਸਕਦੇ। ਇਸੇ ਤਰੀਕੇ ਲੋਕ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਕਾਂਗਰਸ ਨੇ ਪੰਜ ਸਾਲਾਂ ਵਿਚ ਕਿੰਨੀਆਂ ਨੌਕਰੀਆਂ ਦਿੱਤੀਆਂ ਤੇ ਕਾਂਗਰਸ ਨੇ ਆਪਣੇ ਘਰ ਘਰ ਰੋਜ਼ਗਾਰ ਨਾਅਰੇ ਨਾਲ ਨੌਜਵਾਨਾਂ ਨਾਲ ਧੋਖਾ ਕਿਉਂ ਕੀਤਾ।