ਬਰਨਾਲਾ: ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 426ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਹੋ ਜਾਣ ਬਾਅਦ ਅੱਜ ਧਰਨੇ ਵਿੱਚ ਖੁਸ਼ੀ ਅਤੇ ਜੋਸ਼ ਦਾ ਮਾਹੌਲ ਸੀ। ਬੁਲਾਰਿਆਂ ਨੇ ਅੱਜ ਧਰਨਾਕਾਰੀਆਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀ ਮੁਬਾਰਕਬਾਦ ਦਿੱਤੀ ਅਤੇ ਬਾਕੀ ਕਿਸਾਨੀ ਮੰਗਾਂ ਮਨਵਾਉਣ ਲਈ ਭਵਿੱਖ ਵਿੱਚ ਵੀ ਏਕਤਾ ਬਣਾ ਕੇ ਰੱਖਣ ਦੀ ਜਰੂਰਤ ‘ਤੇ ਜ਼ੋਰ ਦਿੱਤਾ। ਇੰਨੀ ਵੱਡੀ ਜਿੱਤ ਕਾਰਨ ਕਿਸਾਨਾਂ ਨੂੰ ਆਪਣੀ ਜਥੇਬੰਧਕ ਤਾਕਤ ਵਿੱਚ ਬਹੁਤ ਡੂੰਘਾ ਅਹਿਸਾਸ ਜਾਗਿਆ ਹੈ ਜੋ ਭਵਿੱਖ ਦੇ ਘੋਲਾਂ ਲਈ ਬਹੁਤ ਲਾਹੇਵੰਦ ਰਹੇਗਾ।