ਤਪਾ ਮੰਡੀ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟ ਖੋਹ ਅਤੇ ਕੁੱਟ ਮਾਰ ਦੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਇੱਥੇ ਵਾਪਰੀ ਇੱਕ ਤਾਜ਼ਾ ਘਟਨਾ ਵਿੱਚ ’ਚ ਲੁਟੇਰਿਆਂ ਨੇ ਇੱਕ ਵਪਾਰੀ ਨੂੰ ਘੇਰ ਕੇ ਉਸ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਗੰਭੀਰ ਰੁਪ ਵਿੱਚ ਜ਼ਖਮੀ ਕਰ ਦਿੱਤਾ।
ਇਸ ਦੇ ਰੋਸ ਵਜੋਂ ਬੁੱਧਵਾਰ ਨੂੰ ਤਪਾ ’ਚ ਵਪਾਰ ਮੰਡਲ ਦੇ ਸੱਦੇ ’ਤੇ ਸਮੂਹ ਵਪਾਰੀਆਂ ਤੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਰੋਸ ਵਜੋ ਧਰਨਾ ਦਿੰਦਿਆਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9:00 ਵਜੇ ਦੇ ਕਰੀਬ ਲੁਟੇਰਿਆਂ ਨੇ ਸ਼ਹਿਰ ਦੇ ਪੋਸ਼ ਏਰੀਏ ਰੂਪ ਚੰਦ ਰੋਡ ’ਤੇ ਸਥਿਤ ਇੱਕ ਗਲੀ ‘ਚ ਵਪਾਰੀ ਨੂੰ ਲੁੱਟਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ। ਘਟਨਾ ਦਾ ਸ਼ਿਕਾਰ ਹੋਏ ਵਪਾਰੀ ਅਸ਼ੋਕ ਕੁਮਾਰ ਫਨੀ ਪੁੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ 9 ਵਜੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਜਦੋਂ ਉਹ ਰੂਪ ਚੰਦ ਰੋਡ ਤੇ ਸਥਿਤ ਗਲੀ ‘ਚ ਆਪਣੇ ਘਰ ਨਜ਼ਦੀਕ ਪੁੱਜਾ ਦਾ ਪਿੱਛੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਅੱਗੇ ਆ ਕੇ ਘੇਰ ਲਿਆ ਤੇ ਉਸ ਦੇ ਹੱਥ ‘ਚ ਫੜਿਆ ਹੋਇਆ ਬੈਗ ਖੋਹਣ ਲੱਗ ਪਏ।
ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਉਸ ਉੱਪਰ ਤੇਜ਼ਧਾਰ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਿਉਂ ਹੀ ਉਸਨੇ ਸ਼ੋਰ ਮਚਾਇਆ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਇਕੱਠੇ ਹੋਏ ਗਲੀ ਦੇ ਨੁਮਾਇੰਦਿਆਂ ਨੇ ਜ਼ਖਮੀ ਹੋਏ ਵਪਾਰੀ ਨੂੰ ਚੁੱਕ ਕੇ ਤੁਰੰਤ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ। ਇਸ ਘਟਨਾ ‘ਚ ਵਪਾਰੀ ਦੇ ਹੱਥ ਦੀਆਂ ਉਂਗਲਾਂ ਫਰੈਕਚਰ ਹੋ ਗਈਆਂ ਹਨ। ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਚ ਵਪਾਰੀਆਂ ਨੇ ਇੱਕਠੇ ਹੋ ਕੇ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਤਪਾ ਸ਼ਰੀਫ ਖਾਨ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਪਿਛਲੇ ਦਿਨਾਂ ਵਿੱਚ ਵਾਪਰੀਆਂ ਕਈ ਘਟਨਾਵਾਂ
ਬੀਤੇ ਦਿਨ ਵਾਪਰੀ ਇੱਕ ਹੋਰ ਘਟਨਾ ਵਿੱਚ ਅੰਦਰਲੇ ਬਸ ਸਟੈਂਡ ਤੋਂ ਪਿੰਡ ਘੁੰਨਸ ਨੂੰ ਜਾਂਦੀ ਰੋਡ ਤੇ ਇੱਕ ਨੌਜਵਾਨ ਦੇ ਹੱਥ ਖੋਹਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਪਰੀਆਂ ਘਟਨਾਵਾਂ ਵਿੱਚ ਇੱਕ ਵਿਅਕਤੀ ਪ੍ਰਵੀਨ ਕੁਮਾਰ ਤੋਂ ਲੁੱਟ ਖੋਹ ਕਰਨ ਮੌਕੇ ਉਸਦੇ ਹੱਥ ’ਤੇ ਕਿਰਚ ਮਾਰ ਕੇ ਜ਼ਖਮੀ ਕਰ ਦਿੱਤਾ। ਇੱਕ ਹੋਰ ਘਟਨਾ ਵਿੱਚ ਲੁਟੇਰੇ ਸਦਰ ਬਜ਼ਾਰ ਗਲੀ ਨੰਬਰ 8 ਵਾਸੀ ਯੋਗੇਸ਼ ਚੌਹਾਨ ਤੋਂ ਘਰ ਨਜ਼ਦੀਕ ਕਿਰਚ ਦਿਖਾ ਕੇ ਪਰਸ ਲੁੱਟ ਕੇ ਲੈ ਗਏ ਸਨ। ਇਸੇ ਸਬੰਧਤ ਇੱਕ ਹੋਰ ਘਟਨਾ ਵਿੱਚ ਸ਼ਹਿਰ ਦੇ ਜੇਠੂਕੇ ਫਾਟਕ ਨਜ਼ਦੀਕ ਮੈਸਾਂ ਦੇ ਵਪਾਰੀ ਕੋਲੋਂ ਲੁਟੇਰਿਆਂ ਨੇ 90 ਹਜ਼ਾਰ ਰੁਪਏ ਲੁੱਟ ਲਏ।
ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਕੀਤੇ ਇਕੱਠ ਦੌਰਾਨ ਪੁੱਜੇ ਪ੍ਰਸਾਸ਼ਨਿਕ ਤੇ ਪੁਲੀਸ ਅਧਿਕਾਰੀਆਂ ਨੇ ਵਪਾਰੀਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਵਪਾਰੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਬੰਦ ਕੀਤਾ।
