ਚੰਡੀਗੜ੍ਹ: ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ (Punjab police) ਦੀ SIT ਨੇ ਰੋਹਤਕ (Rohtak) ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim Singh) ਤੋਂ ਪੁੱਛਗਿੱਛ ਕਰ ਚੁੱਕੀ ਹੈ। ਹਰ ਕਿਸੇ ਦੇ ਦਿਮਾਗ ‘ਚ ਸਵਾਲ ਹੈ ਕਿ, ਆਖਿਰ SIT ਨੇ ਅਜਿਹਾ ਕੀ ਪੁੱਛਿਆ ਅਤੇ ਗੁਰਮੀਤ ਰਾਮ ਰਹੀਮ ਨੇ ਕੀ ਜਵਾਬ ਦਿੱਤਾ। ਨਿਊਜ਼18 ਪੰਜਾਬ ਤੁਹਾਨੂੰ ਕੁਝ ਮਹੱਤਵਪੂਰਨ ਸਵਾਲ ਅਤੇ ਉਨ੍ਹਾਂ ਦੇ ਮਿਲੇ ਜਵਾਬ ਦੱਸਣ ਜਾ ਰਿਹਾ ਹੈ। ਹਾਲ ਹੀ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ 7 ਘੰਟੇ ਤੋਂ ਵੱਧ ਦੀ ਪੁੱਛਗਿੱਛ ਦੌਰਾਨ ਗੁਰਮੀਤ ਰਾਮ ਰਹੀਮ ਨੇ ਸਾਫ ਕਿਹਾ ਕਿ ਬੇਅਦਬੀ ਕਰਵਾਉਣ ‘ਚ ਉਸਦੀ ਕੋਈ ਭੂਮਿਕਾ ਨਹੀਂ ਹੈ ਅਤੇ ਨਾ ਹੀ ਉਹ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਜਾਣਦਾ ਹੈ। ਪੰਜਾਬ ਪੁਲਿਸ ਦੀ ਐਸਆਈਟੀ ਨੇ ਕੁੱਲ 114 ਸਾਲਾਂ ਦੀ ਸੂਚੀ ਤਿਆਰ ਕੀਤੀ ਸੀ।
ਜਦੋਂ ਐਸਆਈਟੀ ਨੇ ਰਾਮ ਰਹੀਮ ਤੋਂ ਪੁੱਛਿਆ ਕਿ ਬੇਅਦਬੀ ਦੇ ਪਿਛੇ ਕੀ ਇਰਾਦਾ ਸੀ ਅਤੇ ਕੀ ਉਹ ਇਰਾਦਾ ਪੂਰਾ ਹੋਇਆ ਤਾਂ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਹ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ ਅਤੇ ਅਜਿਹਾ ਕੋਈ ਇਰਾਦਾ ਨਹੀਂ ਸੀ।
ਐਸਆਈਟੀ ਨੇ ਸਵਾਲ ਕੀਤਾ ਕਿ ਉਸ ਨੂੰ ਬੇਅਦਬੀ ਬਾਰੇ ਵੀ ਕਿਵੇਂ ਪਤਾ ਲੱਗਾ ਅਤੇ ਕਿਸ ਨੇ ਦੱਸਿਆ। ਇਸ ‘ਤੇ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਹ ਸਤਿਸੰਗ ਕਰਨ ਜਾ ਰਿਹਾ ਸੀ ਤਾਂ ਦਰਸ਼ਨ ਸਿੰਘ ਨੇ ਉਸ ਨੂੰ ਕਿਹਾ ਕਿ ਅਜਿਹਾ ਹੋ ਗਿਆ ਹੈ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਮੈਂ ਕਿਹਾ ਕਿ ਇਹ ਬਹੁਤ ਗਲਤ ਹੋ ਗਿਆ ਸੀ। ਰੱਬ, ਲੋਕਾਂ ਨੂੰ ਬੁੱਧੀ ਦੇਵੇ।