ਅਖਿਲੇਸ਼ ਤੇ ਸੰਜੇ ਸਿੰਘ ਵਿਚਾਲੇ ਮੁਲਾਕਾਤ ਪਿੱਛੋਂ ਅਟਕਲਾਂ ਤੇਜ਼

ਅਖਿਲੇਸ਼ ਤੇ ਸੰਜੇ ਸਿੰਘ ਵਿਚਾਲੇ ਮੁਲਾਕਾਤ ਪਿੱਛੋਂ ਅਟਕਲਾਂ ਤੇਜ਼

ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ (Uttar Pradesh Assembly Election 2022) ਤੋਂ ਪਹਿਲਾਂ ਸਿਆਸੀ ਗੱਠਜੋੜ ਦੀ ਚਰਚਾ ਦਾ ਦੌਰ ਚੱਲ ਰਿਹਾ ਹੈ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਨੂੰ ਲੈ ਕੇ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਸਪਾ ਨੇ ਦੋਹਾਂ ਨੇਤਾਵਾਂ ਵਿਚਾਲੇ ਹੋਈ ਇਸ ਮੁਲਾਕਾਤ ਨੂੰ ਸ਼ਿਸ਼ਟਾਚਾਰ ਵਾਲੀ ਮੁਲਾਕਾਤ ਦੱਸਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਚੋਣਾਂ ਲਈ ‘ਆਪ’ ਦੇ ਇੰਚਾਰਜ ਸੰਜੇ ਸਿੰਘ ਬੁੱਧਵਾਰ ਨੂੰ ਲਖਨਊ ‘ਚ ‘ਜਨੇਸ਼ਵਰ ਟਰੱਸਟ’ ਦੇ ਦਫ਼ਤਰ ਪੁੱਜੇ ਅਤੇ ਉੱਥੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਕਰੀਬ ਇਕ ਘੰਟੇ ਤੱਕ ਮੁਲਾਕਾਤ ਚੱਲੀ।

ਮੁਲਾਇਮ ਤੇ ਅਖਿਲੇਸ਼ ਦੇ ਜਨਮ ਦਿਨ ‘ਤੇ ਕੀਤੀ ਸੀ ਮੁਲਾਕਾਤ

ਸੰਜੇ ਸਿੰਘ ਅਤੇ ਅਖਿਲੇਸ਼ ਯਾਦਵ ਵਿਚਾਲੇ ਹਾਲ ਹੀ ਦੇ ਦਿਨਾਂ ‘ਚ ਇਹ ਤੀਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁਲਾਇਮ ਸਿੰਘ ਦੇ ਜਨਮ ਦਿਨ ਦੇ ਮੌਕੇ ‘ਤੇ ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਹੋਈ ਸੀ।

ਫਿਰ ਉਨ੍ਹਾਂ ਨੇ ਟਵੀਟ ਕੀਤਾ ਸੀ, ‘ਭਾਰਤੀ ਰਾਜਨੀਤੀ ਦੇ ਨੇਤਾ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਮਾਨਯੋਗ ਮੁਲਾਇਮ ਸਿੰਘ ਯਾਦਵ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਨੂੰ ਲਖਨਊ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਿਆ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਇਸ ਤੋਂ ਇਲਾਵਾ ਸੰਜੇ ਸਿੰਘ ਨੇ ਜੁਲਾਈ ‘ਚ ਅਖਿਲੇਸ਼ ਯਾਦਵ ਦੇ ਜਨਮਦਿਨ ‘ਤੇ ਵੀ ਮੁਲਾਕਾਤ ਕੀਤੀ ਸੀ, ਜਦੋਂ ਉਨ੍ਹਾਂ ਨੇ ਅਖਿਲੇਸ਼ ਯਾਦਵ ਦੀ ਤਾਰੀਫ ਕੀਤੀ ਸੀ ਅਤੇ ਉਨ੍ਹਾਂ ਅਤੇ ਅਰਵਿੰਦ ਕੇਜਰੀਵਾਲ ‘ਚ ਸਮਾਨਤਾਵਾਂ ਨੂੰ ਵੀ ਗਿਣਿਆ ਸੀ।

ਉਨ੍ਹਾਂ ਦੀ ਇਸ ਮੁਲਾਕਾਤ ਅਤੇ ਬਿਆਨ ਨੂੰ ਲੈ ਕੇ ਯੂਪੀ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਗਰਮ ਹੈ। ਕੁਝ ਸਿਆਸੀ ਵਿਸ਼ਲੇਸ਼ਕ ਸਮਾਜਵਾਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਅਟਕਲਾਂ ਤੋਂ ਇਨਕਾਰ ਨਹੀਂ ਕਰ ਰਹੇ ਹਨ।

Share: