ਅਨਮੋਲ ਬਿਸ਼ਨੋਈ ਨੂੰ ਦਿੱਲੀ ਅਦਾਲਤ ਨੇ 11 ਦਿਨਾਂ ਦੇ ਰਿਮਾਂਡ ’ਤੇ ਭੇਜਿਆ

ਅਨਮੋਲ ਬਿਸ਼ਨੋਈ ਨੂੰ ਦਿੱਲੀ ਅਦਾਲਤ ਨੇ 11 ਦਿਨਾਂ ਦੇ ਰਿਮਾਂਡ ’ਤੇ ਭੇਜਿਆ

ਨਵੀਂ ਦਿਲੀ: ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਐਨਸੀਪੀ (NCP) ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਮੁਲਜ਼ਮ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਨੂੰ, ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰਕੇ, ਸ਼ਾਮ ਕਰੀਬ 5 ਵਜੇ ਸਖ਼ਤ ਸੁਰੱਖਿਆ ਹੇਠ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ।  ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਏਜੰਸੀ ਦੀ 15 ਦਿਨਾਂ ਦੇ ਰਿਮਾਂਡ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਅਨਮੋਲ ਨੂੰ 11 ਦਿਨਾਂ ਦੀ NIA ਹਿਰਾਸਤ ਵਿੱਚ ਭੇਜ ਦਿੱਤਾ। ਹੁਣ ਉਸਨੂੰ 29 ਨਵੰਬਰ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ।

ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ SPP ਰਾਹੁਲ ਤਿਆਗੀ ਨੇ ਕਿਹਾ,“ ਉਹ ਅਤਿਵਾਦੀ-ਗੈਂਗਸਟਰ ਸਿੰਡੀਕੇਟ ਦਾ ਬਹੁਤ ਮਹੱਤਵਪੂਰਨ ਮੈਂਬਰ ਹੈ। ਉਸ ਕੋਲ ਕੁਝ ਬਹੁਤ ਜ਼ਰੂਰੀ ਜਾਣਕਾਰੀ ਹੈ। ਉਹ ਸਿੰਡੀਕੇਟ ਨੂੰ ਚਲਾ ਰਿਹਾ ਸੀ ਅਤੇ ਇੱਕ ਮੁੱਖ ਮੈਂਬਰ ਸੀ।”

NIA ਨੇ ਉਸਦੇ ਕੰਮ ਕਰਨ ਦੇ ਢੰਗ (modus operandi), ਫੰਡਾਂ ਦੇ ਸਰੋਤ, ਹੋਰ ਲੋਕਾਂ ਦੀ ਸ਼ਮੂਲੀਅਤ ਅਤੇ ਸਿੰਡੀਕੇਟ ਦੇ ਸੰਚਾਲਨ ਦਾ ਪਤਾ ਲਗਾਉਣ ਲਈ ਉਸਦਾ ਰਿਮਾਂਡ ਮੰਗਿਆ ਸੀ।

ਉਨ੍ਹਾਂ ਕਿਹਾ, “ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਭਾਰਤ ਤੋਂ ਕਿਵੇਂ ਭੱਜਿਆ ਸੀ।”

ਅਦਾਲਤ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਤਾਇਨਾਤ ਸੀ, ਜਿਸ ਵਿੱਚ RAF (ਰੈਪਿਡ ਐਕਸ਼ਨ ਫੋਰਸ) ਵੀ ਸ਼ਾਮਲ ਸੀ। ਮੀਡੀਆ ਕਰਮਚਾਰੀਆਂ ਨੂੰ ਅਦਾਲਤੀ ਕਾਰਵਾਈ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਹੁੰਦੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਐਨਆਈਏ ਨੇ ਇੱਕ ਤਸਵੀਰ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਸੀ।

ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਜਾਣ ਵਾਲੀ ਉਡਾਣ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ’ਤੇ ਉਤਰੀ।

ਦੱਸ ਦਈਏ ਕਿ ਅਨਮੋਲ ਬਿਸ਼ਨੋਈ 2022 ਤੋਂ ਫਰਾਰ ਸੀ ਅਤੇ ਐਨਆਈਏ ਦੀ ਚੱਲ ਰਹੀ ਜਾਂਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ 19ਵਾਂ ਮੁਲਜ਼ਮ ਹੈ। ਮਾਰਚ 2023 ਵਿੱਚ, ਐਨਆਈਏ ਨੇ ਇਸ ਮਾਮਲੇ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਅਨਮੋਲ ਨੇ 2020 ਅਤੇ 2023 ਦੇ ਵਿਚਕਾਰ ਦੇਸ਼ ਭਰ ਵਿੱਚ ਕਈ ਵੱਡੇ ਅਪਰਾਧਾਂ ਵਿੱਚ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਸਹਾਇਤਾ ਕੀਤੀ ਸੀ।

ਜਾਂਚ ਦੇ ਅਨੁਸਾਰ, ਅਨਮੋਲ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਇੱਕ ਅਤਿਵਾਦੀ ਸਿੰਡੀਕੇਟ ਚਲਾਉਂਦਾ ਸੀ। ਉਸਨੇ ਗੈਂਗ ਦੇ ਮੈਂਬਰਾਂ ਨੂੰ ਪਨਾਹ, ਪੈਸਾ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਉਹ ਵਿਦੇਸ਼ੀ ਧਰਤੀ ਤੋਂ ਭਾਰਤ ਵਿੱਚ ਧਮਕੀਆਂ ਅਤੇ ਜਬਰੀ ਵਸੂਲੀ ਵਿੱਚ ਵੀ ਸ਼ਾਮਲ ਸੀ।

ਅਨਮੋਲ ਬਿਸ਼ਨੋਈ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਦੋਸ਼ੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ, ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਦੀ ਸਾਜ਼ਿਸ਼ ਅਤੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ ਵਿੱਚ ਗੋਲੀਬਾਰੀ ਸ਼ਾਮਲ ਹੈ। ਉਸਦੇ ਖਿਲਾਫ ਰਾਜਸਥਾਨ ਦੇ ਜੈਪੁਰ, ਜੋਧਪੁਰ, ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਵਿੱਚ ਜਬਰੀ ਵਸੂਲੀ ਅਤੇ ਕਤਲ ਦੀ ਕੋਸ਼ਿਸ਼ ਦੇ 21 ਤੋਂ ਵੱਧ ਮਾਮਲੇ ਦਰਜ ਹਨ। ਅਨਮੋਲ ਦੀ ਗ੍ਰਿਫਤਾਰੀ ਨੂੰ ਭਾਰਤ ਵਿੱਚ ਸੰਗਠਿਤ ਅਪਰਾਧ ਅਤੇ ਅਤਿਵਾਦੀ ਫੰਡਿੰਗ ਦੇ ਗਲੋਬਲ ਨੈੱਟਵਰਕ ਨੂੰ ਖਤਮ ਕਰਨ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

Share: