ਅੰਬਾਲਾ: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਦਿੱਲੀ ਰੂਟ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਵੇਰੇ 5 ਵਜੇ ਤੋਂ ਲਾਗੂ ਹੋ ਗਈ ਹੈ। ਪੁਲੀਸ ਨੇ ਯਾਤਰੀਆਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਆਉਣ-ਜਾਣ ਵਾਲੇ ਰੂਟ ’ਤੇ ਕੋਈ ਰੁਕਾਵਟ ਨਹੀਂ ਰਹੇਗੀ। ਇਸ ਰੂਟ ‘ਤੇ ਯਾਤਰੀਆਂ ਨੂੰ ਸਫ਼ਰ ਵਿੱਚ ਕਿਸੇ ਵੱਡੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸ਼ੰਭੂ ਬਾਰਡਰ ਰਹੇਗਾ ਬੰਦ
ਅੰਬਾਲਾ ਤੋਂ ਪਟਿਆਲਾ ਵੱਲ ਜਾਣ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਜਾਣਕਾਰੀ ਜਾਰੀ ਕਰਦੇ ਹੋਏ ਪੁਲੀਸ ਨੇ ਦੱਸਿਆ ਕਿ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਕਾਰਨ ਪਟਿਆਲਾ ਦਿਸ਼ਾ ਵਿੱਚ ਆਵਾਜਾਈ ‘ਤੇ ਸਿੱਧਾ ਅਸਰ ਪਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਰਾਹੀਂ ਸਫਰ ਦੀ ਸਲਾਹ ਦਿੱਤੀ ਗਈ ਹੈ।
ਇਨ੍ਹਾਂ ਬਦਲਵੇਂ ਰਸਤਿਆਂ ਰਾਹੀਂ ਯਾਤਰਾ ਕਰੋ
ਸ਼ਾਹਬਾਦ → ਸਾਹਾ → ਪੰਚਕੂਲਾ → ਚੰਡੀਗੜ੍ਹ ਰੂਟ
ਅੰਬਾਲਾ → ਲਲੜੂ → ਜ਼ੀਰਕਪੁਰ → ਰਾਜਪੁਰਾ ਰੂਟ
ਪੁਲੀਸ ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਜਾਂ ਟਰੈਫਿਕ ਸਬੰਧੀ ਸਮੱਸਿਆ ਵਿੱਚ ਯਾਤਰੀ 112 ’ਤੇ ਕਾਲ ਕਰ ਸਕਦੇ ਹਨ। ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਤਾਇਨਾਤ ਹਨ ਅਤੇ ਹਰ ਸਥਿਤੀ ਵਿੱਚ ਸਹਾਇਤਾ ਲਈ ਤਿਆਰ ਹਨ।

