ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤੇ ਵਿਸਫੋਟਕ ਐਕਟ (Explosives Act) ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਕਿਉਂਕਿ ਮੁੱਢਲੀ ਜਾਂਚ ਵਿਚ ਧਮਾਕੇ ਦੇ ਤਾਰ ਫਰੀਦਾਬਾਦ ’ਚ ਸਾਹਮਣੇ ਆਏ ਅਤਿਵਾਦੀ ਮੌਡਿਊਲ ਨਾਲ ਜੁੜੇ ਹੋਣ ਦਾ ਸੰਕੇਤ ਮਿਲਿਆ ਹੈ। ਸੋਮਵਾਰ ਸ਼ਾਮੀਂ ਹੋਏ ਧਮਾਕੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਜ਼ਖਮੀ ਹੋ ਗਏ ਸਨ। ਕੌਮੀ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ (UAPA), ਵਿਸਫੋਟਕ ਐਕਟ ਅਤੇ BNS ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਐੱਫਆਈਆਰ ਵਿਚ UAPA ਦੀਆਂ ਧਾਰਾਵਾਂ 16 ਅਤੇ 18 ਸ਼ਾਮਲ ਕੀਤੀਆਂ ਗਈਆਂ ਹਨ, ਜੋ ਅਤਿਵਾਦੀ ਹਮਲੇ ਲਈ ਸਜ਼ਾ ਅਤੇ ਸਾਜ਼ਿਸ਼ ਨਾਲ ਸਬੰਧਤ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਸਵੇਰੇ 11 ਵਜੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਡੀਜੀ, ਐਨਆਈਏ, ਸਦਾਨੰਦ ਵਸੰਤ ਦਾਤੇ ਸ਼ਾਮਲ ਹੋਣਗੇ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਣਗੇ।
ਸੂਤਰਾਂ ਅਨੁਸਾਰ ਪੁਲਵਾਮਾ ਦਾ ਰਹਿਣ ਵਾਲਾ ਅਤੇ ਇੱਕ ਡਾਕਟਰ ਉਮਰ ਮੁਹੰਮਦ ਕਥਿਤ ਤੌਰ ’ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਨੇੜੇ ਧਮਾਕੇ ਲਈ ਵਰਤੀ ਗਈ ਹੁੰਡਈ ਆਈ20 ਕਾਰ ਚਲਾ ਰਿਹਾ ਸੀ।
ਪੁਲੀਸ ਸੂਤਰਾਂ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾ ਰਹੇ ਵਿਅਕਤੀ ਦੀ ਪਹਿਲੀ ਤਸਵੀਰ ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਕਥਿਤ ਤੌਰ ’ਤੇ ਫਰੀਦਾਬਾਦ ਵਿੱਚ ਅਤਿਵਾਦੀ ਮੌਡਿਊਲ ਨਾਲ ਸਬੰਧ ਸਨ, ਜਿੱਥੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਡੈਟੋਨੇਟਰ ਵਰਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਧਮਾਕੇ ਅਤੇ ਫਰੀਦਾਬਾਦ ਅਤਿਵਾਦੀ ਮੌਡਿਊਲ ਵਿਚਕਾਰ ਇੱਕ ਸੰਭਾਵਿਤ ਸਬੰਧ ਹੈ ਜਿੱਥੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਸੀ, ਪਰ ਅਜੇ ‘ਅੰਤਿਮ ਰਿਪੋਰਟਾਂ ਦੀ ਉਡੀਕ ਹੈ।’
ਪੁਲੀਸ ਨੇ ਕਿਹਾ ਕਿ ਧਮਾਕੇ ਵਾਲੀ ਕਾਰ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ‘ਨਕਾਬਪੋਸ਼ ਵਿਅਕਤੀ’ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੇ ਆਸ-ਪਾਸ ਅਤੇ ਨਾਲ ਲੱਗਦੇ ਰਸਤਿਆਂ ਤੋਂ ਸੀਸੀਟੀਵੀ ਸਕੈਨ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
