ਬਹਾਦਰਗੜ੍ਹ : ਦਿੱਲੀ ਪੁਲਿਸ ਵੱਲੋਂ ਟਿਕਰੀ ਸਰਹੱਦ ’ਤੇ ਸੜਕ ਖੋਲ੍ਹਣ ਲਈ ਰਾਤੋ ਰਾਤ ਬੈਰੀਕੇਡਿੰਗ ਤੇ ਪੱਥਰ ਹਟਾ ਦਿੱਤੇ ਗਏ। ਦਿੱਲੀ ਪੁਲਿਸ ਨੇ ਜੇਸੀਬੀ ਤੇ ਕਰੇਨ ਦੀ ਮਦਦ ਨਾਲ ਰਸਤਾ ਸਾਫ ਕੀਤਾ ਗਿਆ। ਇਸ ਦੇ ਨਾਲ ਹੁਣ ਦਿੱਲੀ ਪੁਲਿਸ ਗਾਜ਼ੀਪੁਰ ਬਾਰਡਰ ਤੋਂ ਬੇਰੀਕੈਡਿੰਗ ਹਟਾ ਰਹੀ ਹੈ। ਇੱਥੇ ਲਗਾਈਆਂ ਗਈਆਂ ਸੱਤ ਲੇਅਰਾਂ ‘ਚੋਂ ਪੰਜ ਲੇਅਰਾਂ ਦੀ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ। ਹੁਣ ਸਿਰਫ਼ ਪੱਥਰ ਦੇ ਆਕਾਰ ਦੀ ਬੈਰੀਕੇਡਿੰਗ ਦੀ ਮੋਟੀ ਕੰਧ ਬਚੀ ਹੈ। ਇਹ ਕੰਧ ਕੰਕਰੀਟ ਨਾਲ ਭਰੀ ਪੱਥਰ ਵਰਗੀ ਬੈਰੀਕੇਡ ‘ਚ ਬਣਾਈ ਗਈ ਸੀ। ਕੁਝ ਸਮੇਂ ਬਾਅਦ ਇਸ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਮੀਦ ਹੈ ਕਿ ਅੱਜ ਸ਼ਾਮ ਤਕ ਦਿੱਲੀ ਤੋਂ ਬਹਾਦੁਰਗੜ੍ਹ ਤਕ ਟਿਕਰੀ ਬਾਰਡਰ ਦੀ ਲੇਨ ਖੋਲ੍ਹ ਦਿੱਤੀ ਜਾਵੇਗੀ।
ਮੌਕੇ ‘ਤੇ ਮੌਜੂਦ ਸੁਰੱਖਿਆ ਬਲ ਦੇ ਜਵਾਨ ਵੀ ਇਹੀ ਸੰਭਾਵਨਾ ਪ੍ਰਗਟਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ‘ਚ ਬਾਕੀ ਬਚੇ ਬੈਰੀਕੇਡਿੰਗ ਵੀ ਹਟਾ ਦਿੱਤੇ ਜਾਣਗੇ ਤੇ ਸ਼ਾਮ ਤਕ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਆਵਾਜਾਈ ਬਹਾਲ ਹੋਣ ਦੀ ਆਸ ‘ਚ ਆਮ ਲੋਕ ਟਿੱਕਰੀ ਸਰਹੱਦ ਵੱਲ ਝਾਕ ਰਹੇ ਹਨ। ਸਰਹੱਦ ‘ਤੇ ਬੈਰੀਕੇਡ ਹਟਾਉਣ ਦੀ ਕਾਰਵਾਈ ਦੇਖਣ ਲਈ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਅੰਦੋਲਨਕਾਰੀ ਕਿਸਾਨ ਵੀ ਦਿੱਲੀ ਵੱਲ ਝਾਕ ਰਹੇ ਹਨ। ਇਹ ਸਰਹੱਦ 26 ਨਵੰਬਰ 2020 ਨੂੰ ਬੰਦ ਕਰ ਦਿੱਤੀ ਗਈ ਸੀ। ਇਹ ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਕਰ ਦਿੱਤੀ ਗਈ ਸੀ। 11 ਮਹੀਨਿਆਂ ਬਾਅਦ ਦਿੱਲੀ ਪੁਲਿਸ ਨੇ ਲੋਕਾਂ ਕਾਰੋਬਾਰੀਆਂ ਤੇ ਉੱਦਮੀਆਂ ਆਦਿ ਦੇ ਦਬਾਅ ਹੇਠ ਆ ਕੇ ਇਸ ਬਾਰਡਰ ਨੂੰ ਖੋਲ੍ਹਣ ਦੀ ਹਾਮੀ ਭਰੀ ਹੈ।