ਪੀਆਰਟੀਸੀ ਤੇ ਰੋਡਵੇਜ਼ ਕਾਮਿਆਂ ਦੀ ਹੜਤਾਲ ਖਤਮ

ਪੀਆਰਟੀਸੀ ਤੇ ਰੋਡਵੇਜ਼ ਕਾਮਿਆਂ ਦੀ ਹੜਤਾਲ ਖਤਮ

ਪਟਿਆਲਾ: ਕੱਚੇ ਡਰਾਈਵਰਾਂ, ਕੰਡਕਟਰਾਂ ਸਮੇਤ ਹੋਰ ਠੇਕਾ ਆਧਾਰਤ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਇੱਕ ਨੁਕਾਤੀ ਮੰਗ ਸਬੰਧੀ ਪੀਆਰਟੀਸੀ, ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਪਰ ਪਹਿਲੀ ਜੁਲਾਈ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਦੇ ਮਿਲੇ ਭਰੋਸੇ ਮਗਰੋਂ ਹੜਤਾਲ ਖ਼ਤਮ ਕਰ ਦਿੱਤੀ ਗਈ। ਹੁਣ ਭਲਕ ਤੋਂ ਬੱਸਾਂ ਆਮ ਵਾਂਗ ਚੱਲਣਗੀਆਂ। ਪੰਜਾਬ ਭਰ ਤੋਂ ਇਥੇ ਪੁੱਜੇ ਹਜ਼ਾਰਾਂ ਮੁਲਾਜ਼ਮਾਂ ਨੇ ਪਹਿਲਾਂ ਇਥੇ ਫੁਹਾਰਾ ਚੌਕ ’ਤੇ ਤਿੰਨ ਘੰਟਿਆਂ ਤੱਕ ਧਰਨਾ ਲਾਈ ਰੱਖਿਆ। ਮੰਗ ਤਹਿਤ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਨਾ ਹੋਈ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਲਈ ਚਾਲੇ ਪਾ ਦਿੱਤੇ। ਪ੍ਰਦਰਸ਼ਨਕਾਰੀ ਜਦੋਂ ਵਾਈਪੀਐਸ ਚੌਕ ਤੱਕ ਪਹੁੰਚੇ ਤਾਂ ਪੁਲੀਸ ਨੇ ਰੋਕਾਂ ਲਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇਸ ਦੌਰਾਨ ਇੱਕ ਟੈਂਪੂ ਵਿਚ ਫਿੱਟ ਕੀਤੇ ਗਏ ਸਪੀਕਰ ਰਾਹੀਂ ਯੂਨੀਅਨ ਆਗੂਆਂ ਨੇ ਆਪਣੇ ਸਾਥੀਆਂ ਨੂੰ ਹੁੱਲੜਬਾਜ਼ੀ ਨਾ ਕਰਨ ਦੀ ਤਾਕੀਦ ਕੀਤੀ। ਇਸ ਤਰ੍ਹਾਂ ਪੁਲੀਸ ਵੱਲੋਂ ਰੋਕਣ ’ਤੇ ਜਲਦੀ ਹੀ ਇਹ ਸਾਰੇ ਵਰਕਰ ਇਸ ਚੌਕ ’ਚ ਧਰਨੇ ’ਤੇ ਬੈਠ ਗਏ। ਇਸ ਮਗਰੋਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਪਹਿਲੀ ਜੁਲਾਈ ਨੂੰ ਟਰਾਂਸਪੋਰਟ ਮੰਤਰੀ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਕਰਵਾਉਣ ’ਤੇ ਧਰਨਾ ਸਮਾਪਤ ਹੋ ਗਿਆ। ਯੂਨੀਅਨ ਆਗੂ ਹਰਕੇਸ਼ ਵਿੱਕੀ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਵੀ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੋ ਜੁਲਾਈ ਨੂੰ ਉਹ ਮੁੜ ਸੂਬਾਈ ਹੜਤਾਲ ਕਰਨਗੇ।

ਅੱਜ ਬੇਰੁਜ਼ਗਾਰ ਸਾਂਝਾ ਮੋਰਚਾ ਕਰੇਗਾ ਮਹਿਲ ਦਾ ਘਿਰਾਓ

ਪਟਿਆਲਾ:‘ਸਾਂਝਾ ਬੇਰੁਜ਼ਗਾਰ ਮੋਰਚਾ’ ਬਣਾ ਕੇ ਨੌਕਰੀ ਲਈ ਜੂਝ ਰਹੇ ਬੇਰੁਜ਼ਗਾਰਾਂ ਨੇ ਵੀ 30 ਜੂਨ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਹਿਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੋਰਚੇ ਦਾ ਹੀ ਹਿੱਸਾ ਬਣੀ ‘ਮਲਟੀਪ੍ਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਿੱਤੀ।

Share: