ਗੁਹਾਟੀ: ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੇ ਪ੍ਰਬੰਧਾਂ ਬਾਰੇ ਤਾਜ਼ਾ ਵੇਰਵੇ ਸਾਂਝੇ ਕੀਤੇ ਹਨ। ਗਾਇਕ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਸੈਸ਼ਨ ਦੌਰਾਨ ਵਾਪਰੇ ਹਾਦਸੇ ’ਚ ਮੌਤ ਹੋ ਗਈ ਸੀ।
ਅਸਾਮ ਦੇ ਮੁੱਖ ਮੰਤਰੀ ਨੇ ਅੱਜ ਆਪਣੇ X ਅਕਾਊਂਟ ’ਤੇ ਜਾਣਕਾਰੀ ਦਿੱਤੀ ਕਿ ਸਿੰਗਾਪੁਰ ਦੇ ਅਧਿਕਾਰੀ ਲਾਸ਼ ਨੂੰ ਭਾਰਤ ਨੂੰ ਸੌਂਪਣ ਤੋਂ ਪਹਿਲਾਂ ਪੋਸਟਮਾਰਟਮ ਕਰ ਰਹੇ ਹਨ।
X ’ਤੇ ਜਾਣਕਾਰੀ ਸਾਂਝੀ ਕਰਦਿਆਂ ਹਿਮੰਤਾ ਬਿਸਵਾ ਸਰਮਾ ਨੇ ਲਿਖਿਆ, ‘‘ਸਿੰਗਾਪੁਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਡੇ ਪਿਆਰੇ ਜ਼ੁਬੀਨ ਗਰਗ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਇਹ ਸਿੰਗਾਪੁਰ ਦੇ ਸਮੇਂ ਮੁਤਾਬਕ ਦੁਪਹਿਰ 2 ਵਜੇ ਤੱਕ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ, ਉਸ ਦੀ ਮ੍ਰਿਤਕ ਦੇਹ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ, ਅਤੇ ਅਸੀਂ ਉਸ ਨੂੰ ਘਰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਾਂਗਾ।’’
ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਆਪਣੀ ਪਤਨੀ ਰਿੰਕੀ ਭੂਯਾਨ ਸਰਮਾ ਨਾਲ ਗੁਹਾਟੀ ਵਿੱਚ ਮਰਹੂਮ ਗਾਇਕ ਦੇ ਘਰ ਗਏ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਪੋਸਟ ਵਿੱਚ ਕਿਹਾ, ‘‘ਰਿੰਕੀ ਅਤੇ ਮੈਂ ਇਸ ਦੁੱਖ ਦੀ ਘੜੀ ਵਿੱਚ ਉਸ ਦੇ ਪਰਿਵਾਰ ਨਾਲ ਏਕਤਾ ਵਿੱਚ ਖੜ੍ਹੇ ਹੋਣ ਲਈ ਗੁਹਾਟੀ ਵਿੱਚ ਸਾਡੇ ਪਿਆਰੇ ਜ਼ੁਬੀਨ ਦੇ ਘਰ ਗਏ। ਹਜ਼ਾਰਾਂ ਪ੍ਰਸ਼ੰਸਕ ਉਸ ਦੀ ਆਖਰੀ ਝਲਕ ਦੇਖਣ ਲਈ ਸੜਕਾਂ ’ਤੇ ਉਡੀਕ ਕਰ ਰਹੇ ਹਨ – ਅਸੀਂ ਉਸ ਨੂੰ ਜਲਦੀ ਹੀ ਆਸਾਮ ਵਾਪਸ ਲਿਆਉਣ ਲਈ ਲਗਾਤਾਰ ਸੰਪਰਕ ਵਿੱਚ ਹਾਂ।’’
ਇਸ ਦੌਰਾਨ, ਗੁਹਾਟੀ ਅਤੇ ਜੋਰਹਾਟ ਸਮੇਤ ਅਸਾਮ ਭਰ ਦੇ ਪ੍ਰਸ਼ੰਸਕ ਪਿਆਰੇ ਗਾਇਕ ਨੂੰ ਭਾਵੁਕ ਸ਼ਰਧਾਂਜਲੀ ਦਿੰਦੇ ਦੇਖੇ ਗਏ।
ਉੱਤਰ-ਪੂਰਬੀ ਇੰਡੀਆ ਫੈਸਟੀਵਲ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ 51 ਸਾਲਾ ਕਲਾਕਾਰ ਨੂੰ ਸਕੂਬਾ ਡਾਈਵਿੰਗ ਸੈਸ਼ਨ ਦੌਰਾਨ ਸਾਹ ਲੈਣ ਵਿੱਚ ਤਕਲੀਫ ਦਾ ਸਾਹਮਣਾ ਕਰਨਾ ਪਿਆ।
ਬਿਆਨ ਮੁਤਾਬਕ, ‘‘ਉਸਹਾਂ ਨੂੰ ਸਿੰਗਾਪੁਰ ਜਨਰਲ ਹਸਪਤਾਲ ਲਿਜਾਣ ਤੋਂ ਪਹਿਲਾਂ ਤੁਰੰਤ ਸੀਪੀਆਰ ਦਿੱਤਾ ਗਿਆ। ਜ਼ੁਬੀਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਪਹਿਰ 2:30 ਵਜੇ ਦੇ ਕਰੀਬ ਉਸ ਨੂੰ ਆਈਸੀਯੂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।’’
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਰਹੂਮ ਗਾਇਕ ਜ਼ੁਬੀਨ ਗਰਗ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ।

