ਭਾਰਤੀ ਜਮਹੂਰੀਅਤ ਨੂੰ ‘ਤਬਾਹ’ ਕਰਨ ਵਾਲਿਆਂ ਨੂੰ ਬਚਾਅ ਰਿਹੈ ਚੋਣ ਕਮਿਸ਼ਨ: ਰਾਹੁਲ ਗਾਂਧੀ

ਭਾਰਤੀ ਜਮਹੂਰੀਅਤ ਨੂੰ ‘ਤਬਾਹ’ ਕਰਨ ਵਾਲਿਆਂ ਨੂੰ ਬਚਾਅ ਰਿਹੈ ਚੋਣ ਕਮਿਸ਼ਨ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਭਾਰਤੀ ਜਮਹੂਰੀਅਤ ਨੂੰ ‘ਤਬਾਹ’ ਕਰਨ ਵਾਲਿਆਂ ਨੂੰ ਬਚਾਅ ਰਿਹਾ ਹੈ।  ਉਂਝ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਐਕਸ ਖਾਤੇ ’ਤੇ ਇਕ ਵੀਡੀਓ ਪਾਇਆ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਹੈ, ‘‘ਕੁਰਸੀ ਦੀ ਪੇਠੀ ਬੰਨ ਲਓ।’’ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਚੋਣ ਕਮਿਸ਼ਨ ਨੂੰ ਲੈ ਕੇ ਹੈ।

ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੁਝ ਲੋਕਾਂ ਲੱਖਾਂ ਵੋਟਰਾਂ ਦੇ ਨਾਮ ਵੋਟਰ ਸੂਚੀਆਂ ’ਚੋਂ ਮਿਟਾਉਣ ਦੇ ਮਕਸਦ ਨਾਲ ਘੱਟਗਿਣਤੀਆਂ ਤੇ ਦਲਿਤਾਂ ਨੂੰ ‘ਯੋਜਨਾਬੱਧ’ ਢੰਗ ਨਾਲ ਨਿਸ਼ਾਨਾ’ ਬਣਾ ਰਹੇ ਹਨ।

ਗਾਂਧੀ ਨੇ ਦਾਅਵਾ ਕੀਤਾ ਕਿ ਕਰਨਾਟਕ ਦੇ ਅਲਾਪੁਜ਼ਾ ਵਿਚ ਕਾਂਗਰਸੀ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਲਈ ਫ਼ਰਜ਼ੀ ਲੋਕਾਂ ਵੱਲੋਂ 6018 Deletion ਅਰਜ਼ੀਆਂ ਦਾਇਰ ਕੀਤੀਆਂ ਗਈਆਂ। ਗਾਂਧੀ ਨੇ ਕਿਹਾ ਕਿ ਵੋਟਾਂ ਮਿਟਾਉਣ ਦਾ ਕੰਮ ਕਿਸੇ ਵਿਅਕਤੀ ਰਾਹੀਂ ਨਹੀਂ ਬਲਕਿ ਸਾਫਟਵੇਅਰ ਦੀ ਵਰਤੋਂ ਕਰਕੇ ਕੇਂਦਰੀਕ੍ਰਿਤ ਤਰੀਕੇ ਨਾਲ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਗੜ੍ਹ ਵਿੱਚ ਯੋਜਨਾਬੱਧ ਢੰਗ ਨਾਲ ਵੋਟਾਂ ਨੂੰ ਨਿਸ਼ਾਨਾ ਬਣਾ ਕੇ ਮਿਟਾਇਆ ਗਿਆ। ਰਾਹੁਲ ਨੇ ਕਿਹਾ ਕਿ ਕਰਨਾਟਕ ਸੀਆਈਡੀ ਨੇ ਵੋਟਾਂ ਕੱਟਣ/ਮਿਟਾਉਣ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਚੋਣ ਕਮਿਸ਼ਨ ਵੇਰਵੇ ਨਹੀਂ ਦੇ ਰਿਹਾ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਜਿਹਾ ਕਰਕੇ ਜਮਹੂਰੀਅਤ ਦੇ ਕਾਤਲਾਂ ਨੂੰ ‘ਬਚਾਅ’ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ, ਮਹਾਰਾਸ਼ਟਰ, ਹਰਿਆਣਾ ਤੇ ਯੂਪੀ ਵਿਚ ਵੋਟਰਾਂ ਦੇ ਨਾਂ ਵੱਡੇ ਪੱਧਰ ’ਤੇ ਮਿਟਾਏ ਜਾ ਰਹੇ ਹਨ ਤੇ ਮੁੱਖ ਚੋਣ ਕਮਿਸ਼ਨਰ ਨੂੰ ਭਾਰਤੀ ਜਮਹੂਰੀਅਤ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਬਚਾਉਣਾ ਬੰਦ ਕਰਨਾ ਚਾਹੀਦਾ ਹੈ।

ਗਾਂਧੀ ਨੇ ਕਿਹਾ ਕਿ ਇਹ ਵੋਟ ਚੋਰੀ ਦੀ ਇਕ ਹੋਰ ਮਿਸਾਲ ਹੈ ਤੇ ਮੁੱਖ ਚੋਣ ਕਮਿਸ਼ਨਰ ਨੂੰ ਇਕ ਹਫ਼ਤੇ ਅੰਦਰ ‘ਵੋਟਾਂ ਕੱਟਣ’ ਸਬੰਧੀ ਵੇਰਵੇ ਦੇਣੇ ਚਾਹੀਦੇ ਹਨ।

Share: