ਚੰਡੀਗੜ੍ਹ: ਕੇਂਦਰੀ ਰੇਲ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਸਿਆਸੀ ਹਲਕਿਆਂ ਵਿਚ ਇਸ ਨੂੰ ਇੱਕ ਮਹੱਤਵਪੂਰਨ ਰਾਜਨੀਤਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪੇਸ਼ਕਦਮੀ ਨੂੰ ਭਾਜਪਾ ਵਿੱਚ ਬਿੱਟੂ ਦੀ ਚੜ੍ਹਦੀ ਗੁੱਡੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੰਭਾਵੀ ਤੌਰ ’ਤੇ ਇਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕੱਦ ਨੂੰ ਵੀ ਪਾਰ ਕਰ ਸਕਦਾ ਹੈ।
ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਬਿੱਟੂ ਅੱਜ ਸ਼ਾਮ ਨੂੰ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਤਜਵੀਜ਼ਤ ਅਹਿਮ ਮੀਟਿੰਗ ਦਾ ਹਿੱਸਾ ਹੋਣਗੇ ਜਿੱਥੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਤਾਲਮੇਲ ਵਾਲੇ ਰਾਹਤ ਕਾਰਜਾਂ ’ਤੇ ਚਰਚਾ ਕੀਤੀ ਜਾਵੇਗੀ। ਉਪ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਤੋਂ ਫੌਰੀ ਮਗਰੋਂ ਪ੍ਰਧਾਨ ਮੰਤਰੀ ਅਤੇ ਬਿੱਟੂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਹੋਣ ਦੀ ਉਮੀਦ ਹੈ। ਇਸ ਫੇਰੀ ਨੂੰ ਸਿਆਸੀ ਤੌਰ ’ਤੇ ਮਹੱਤਵਪੂਰਨ ਬਣਾਉਣ ਵਾਲੀ ਗੱਲ ਇਹ ਹੈ ਕਿ ਬਿੱਟੂ, ਪ੍ਰਧਾਨ ਮੰਤਰੀ ਨਾਲ ਆਉਣ ਵਾਲੇ ਪੰਜਾਬ ਦੇ ਇਕਲੌਤੇ ਭਾਜਪਾ ਮੰਤਰੀ ਹੋਣਗੇ, ਜੋ ਕਿ ਰਵਾਇਤੀ ਤੌਰ ’ਤੇ ਰਾਜ ਪ੍ਰਧਾਨਾਂ ਜਾਂ ਉੱਚ ਪੱਧਰੀ ਨੇਤਾਵਾਂ ਲਈ ਰਾਖਵੀਂ ਭੂਮਿਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਮੂਲੀਅਤ, ਪੰਜਾਬ ਵਿੱਚ ਇੱਕ ਪ੍ਰਮੁੱਖ ਸਿੱਖ ਚਿਹਰੇ ਵਜੋਂ ਭਾਜਪਾ ਦੇ ਵਿਸ਼ਵਾਸ ਨੂੰ ਉਜਾਗਰ ਕਰਦੀ ਹੈ, ਇੱਕ ਅਜਿਹਾ ਰਾਜ ਜਿੱਥੇ ਪਾਰਟੀ ਆਪਣੀ ਮੌਜੂਦਗੀ ਵਧਾਉਣ ਲਈ ਪੱਬਾਂ ਭਾਰ ਹੈ।
ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਫੇਰੀ ਮੌਕੇ ਵੀ ਬਿੱਟੂ ਉਥੇ ਮੌਜੂਦ ਸਨ। ਇਸ ਫੇਰੀ ਦੀਆਂ ਤਸਵੀਰਾਂ ਵਿਚ ਚੌਹਾਨ ਨੂੰ ਟਰੈਕਟਰ ’ਤੇ ਸਵਾਰ ਦਿਖਾਇਆ ਗਿਆ ਸੀ, ਜਿਸ ਵਿੱਚ ਜਾਖੜ ਅਤੇ ਬਿੱਟੂ ਦੋਵੇਂ ਵਾਰੀ-ਵਾਰੀ ਟਰੈਕਟਰ ਚਲਾ ਰਹੇ ਸਨ। ਇਸ ਪੇਸ਼ਕਦਮੀ ਨੂੰ ਰਾਜ ਦੇ ਪ੍ਰਭਾਵਸ਼ਾਲੀ ਕਿਸਾਨ ਭਾਈਚਾਰੇ ਤੱਕ ਪਹੁੰਚ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਸਮੀਖਿਅਕਾਂ ਦਾ ਮੰਨਣਾ ਹੈ ਕਿ ਬਿੱਟੂ ਪੰਜਾਬ ਵਿੱਚ ਭਾਜਪਾ ਦੇ ਜਾਣੇ-ਪਛਾਣੇ ਚਿਹਰੇ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ।

