ਵੋਟ ਚੋਰੀ ਅਤੇ ‘ਐੱਸਆਈਆਰ’ ਖ਼ਿਲਾਫ਼ ਰੋਸ ਮਾਰਚ

ਵੋਟ ਚੋਰੀ ਅਤੇ ‘ਐੱਸਆਈਆਰ’ ਖ਼ਿਲਾਫ਼ ਰੋਸ ਮਾਰਚ

ਨਵੀਂ ਦਿੱਲੀ: ਬਿਹਾਰ ਦੀਆਂ ਵੋਟਰ ਸੂਚੀਆਂ ’ਚ ਸੁਧਾਈ (ਐੱਸਆਈਆਰ) ਅਤੇ ‘ਵੋਟ ਚੋਰੀ’ ਖ਼ਿਲਾਫ਼ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਅੱਜ ਇਕਜੁੱਟਤਾ ਦਿਖਾਉਂਦਿਆਂ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ। ਇਸ ਦੌਰਾਨ ਪੁਲੀਸ ਨੇ ਆਗੂਆਂ ਨੂੰ ਰਾਹ ’ਚ ਹੀ ਰੋਕ ਕੇ ਹਿਰਾਸਤ ’ਚ ਲੈ ਲਿਆ ਪਰ ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਰੋਸ ਮਾਰਚ ’ਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ਡੈਰੇਕ ਓ’ਬ੍ਰਾਇਨ, ਡੀਐੱਮਕੇ ਦੇ ਟੀਆਰ ਬਾਲੂ, ਸ਼ਿਵ ਸੈਨਾ (ਯੂਬੀਟੀ) ਦੇ ਸੰਜੇ ਰਾਊਤ, ‘ਆਪ’ ਦੇ ਸੰਜੇ ਸਿੰਘ ਅਤੇ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਸਨ। ਪੁਲੀਸ ਨੇ ਪੀਟੀਆਈ ਬਿਲਡਿੰਗ ਦੇ ਬਾਹਰ ਬੈਰੀਕੇਡ ਲਗਾਏ ਹੋਏ ਸਨ ਤਾਂ ਜੋ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਜਿਵੇਂ ਹੀ ਸੰਸਦ ਮੈਂਬਰਾਂ ਨੂੰ ਰੋਕਿਆ ਗਿਆ ਤਾਂ ਉਹ ਸੜਕ ’ਤੇ ਹੀ ਬੈਠ ਗਏ ਅਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਤੇ ਸੁਸ਼ਮਿਤਾ ਦੇਵ ਅਤੇ ਕਾਂਗਰਸ ਦੀ ਸੰਜਨਾ ਜਾਟਵ ਤੇ ਜੋਤੀਮਣੀ ਬੈਰੀਕੇਡਾਂ ’ਤੇ ਚੜ੍ਹ ਗਈਆਂ ਅਤੇ ਉਨ੍ਹਾਂ ਚੋਣ ਕਮਿਸ਼ਨ ਖ਼ਿਲਾਫ਼ ਨਾਅਰੇ ਲਗਾਏ। ਪ੍ਰਦਰਸ਼ਨ ਦੌਰਾਨ ਮਹੂਆ ਅਤੇ ਮਿਤਾਲੀ ਬੇਗ਼ ਬੇਹੋਸ਼ ਹੋ ਗਈਆਂ ਸਨ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪੁਲੀਸ ਘੇਰਾ ਤੋੜਨ ਦੀ ਕੋਸ਼ਿਸ਼ ਤਹਿਤ ਬੈਰੀਕੇਡ ਟੱਪ ਲਿਆ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਸੰਸਦ ਮੈਂਬਰਾਂ ਨੂੰ ਬੱਸਾਂ ’ਚ ਬਿਠਾ ਕੇ ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ਲਿਜਾਇਆ ਗਿਆ ਜਿਥੋਂ ਸਾਰਿਆਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਹਿਰਾਸਤ ’ਚ ਲੈਣ ਮਗਰੋਂ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਕੋਈ ਸਿਆਸੀ ਨਹੀਂ ਸਗੋਂ ਸੰਵਿਧਾਨ ਬਚਾਉਣ ਦੀ ਲੜਾਈ ਹੈ। ਇਹ ‘ਇਕ ਵਿਅਕਤੀ, ਇਕ ਵੋਟ’ ਦੀ ਜੰਗ ਹੈ ਅਤੇ ਅਸੀਂ ਸਾਫ਼-ਸੁਥਰੀ ਵੋਟਰ ਸੂਚੀ ਚਾਹੁੰਦੇ ਹਾਂ। ਉਹ ਗੱਲਬਾਤ ਨਹੀਂ ਕਰ ਸਕਦੇ ਹਨ ਕਿਉਂਕਿ ਸਚਾਈ ਪੂਰੇ ਮੁਲਕ ਸਾਹਮਣੇ ਆ ਗਈ ਹੈ।’’ ਖੜਗੇ ਨੂੰ ਵੀ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਵੋਟ ਦੇ ਹੱਕ ਦੀ ਰਾਖੀ ਅਤੇ ਲੋਕਤੰਤਰ ਬਚਾਉਣ ਦਾ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਭਾਜਪਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰੇਗਾ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਪਹਿਲਾਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਕਿ ਉਹ ਉਨ੍ਹਾਂ ਨਾਲ ਮੀਟਿੰਗ ਅਤੇ ਐੱਸਆਈਆਰ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕਰਨ ਦੀ ਇਜਾਜ਼ਤ ਦੇਣ। ਉਨ੍ਹਾਂ ਚੋਣ ਕਮਿਸ਼ਨ ਨੂੰ ਆਪਣੇ ਮਾਰਚ ਬਾਰੇ ਜਾਣਕਾਰੀ ਦੇਣ ਲਈ ਲਿਖੇ ਪੱਤਰ ਵਿੱਚ ਕਿਹਾ, ‘‘ਸੰਸਦ ਮੈਂਬਰ ਬਿਹਾਰ ਵਿੱਚ ਕੀਤੀਆਂ ਜਾ ਰਹੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਸਮੇਤ ਕਈ ਹੋਰ ਮੁੱਦਿਆਂ ’ਤੇ ਕਮਿਸ਼ਨ ਨਾਲ ਸਮੂਹਿਕ ਤੌਰ ’ਤੇ ਮੁਲਾਕਾਤ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ‘ਚੁਰਾਓ ਆਯੋਗ’ ਨਾ ਬਣੇ। ਸੰਸਦ ਮੈਂਬਰਾਂ ਨੇ ਆਪਣੇ ਸਿਰਾਂ ’ਤੇ ਚਿੱਟੀਆਂ ਟੋਪੀਆਂ ਪਾਈਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਐੱਸਆਈਆਰ’ ਅਤੇ ‘ਵੋਟ ਚੋਰੀ’ ਲਿਖਿਆ ਹੋਇਆ ਸੀ ਅਤੇ ਉਪਰ ਲਾਲ ਰੰਗ ਨਾਲ ਕਾਟਾ ਮਾਰਿਆ ਹੋਇਆ ਸੀ। ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਮਕਰ ਦੁਆਰ ਵਿਖੇ ਰਾਸ਼ਟਰੀ ਗੀਤ ਵੀ ਗਾਇਆ। ਸੰਸਦ ਮੈਂਬਰਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਐੱਸਆਈਆਰ+ਵੋਟ ਚੋਰੀ= ਲੋਕਤੰਤਰ ਦਾ ਕਤਲ’, ‘ਐੱਸਆਈਆਰ ਲੋਕਤੰਤਰ ਪਰ ਵਾਰ’ ਅਤੇ ‘ਐੱਸਆਈਆਰ ਪਰ ਚੁੱਪੀ ਕਿਉਂ’ ਲਿਖਿਆ ਹੋਇਆ ਸੀ।

Share: