March of INDIA Block: ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਤੇ ਕਥਿਤ ਵੋਟ ਚੋਰੀ ਖਿਲਾਫ਼ ਸੋਮਵਾਰ ਨੂੰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਹੈੱਡ ਕੁਆਰਟਰ ਤੱਕ ਆਪਣਾ ਮਾਰਚ ਸ਼ੁਰੂ ਕੀਤਾ। ਇਸ ਮਾਰਚ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ, ਡੀਐਮਕੇ ਅਤੇ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹਨ। ਸੰਸਦ ਮੈਂਬਰਾਂ ਨੇ ਆਪਣੇ ਸਿਰਾਂ ‘ਤੇ ਚਿੱਟੀਆਂ ਟੋਪੀਆਂ ਪਾਈਆਂ ਹੋਈਆਂ ਹਨ, ਜਿਨ੍ਹਾਂ ‘ਤੇ ‘ਐਸਆਈਆਰ’ ਅਤੇ ‘ਵੋਟ ਚੋਰੀ’ ਲਿਖਿਆ ਹੋਇਆ ਹੈ ਅਤੇ ਉਨ੍ਹਾਂ ‘ਤੇ ਲਾਲ ਕਰਾਸ ਦਾ ਨਿਸ਼ਾਨ ਵੀ ਹੈ।
ਪੁਲੀਸ ਨੇ ਵਿਰੋਧੀ ਧਿਰਾਂ ਨੂੰ ਰਾਹ ਵਿਚ ਟਰਾਂਸਪੋਰਟ ਭਵਨ ਕੋਲ ਰੋਕ ਲਿਆ। ਜਿਵੇਂ ਹੀ ਪੁਲੀਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ, ਉਨ੍ਹਾਂ ਵਿੱਚੋਂ ਕਈ ਸੜਕ ‘ਤੇ ਬੈਠ ਗਏ ਅਤੇ ਵਿਸ਼ੇਸ਼ ਵਿਆਪਕ ਸੋਧ (SIR) ਦੀ ਮਸ਼ਕ ਅਤੇ ‘ਵੋਟ ਚੋਰੀ’ ਦੋਸ਼ਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੋਸਟਰ ਫੜੇ ਹੋਏ ਸਨ ਅਤੇ SIR ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮਕਰ ਦੁਆਰ ਵਿਖੇ ਰਾਸ਼ਟਰੀ ਗੀਤ ਵੀ ਗਾਇਆ।
ਪੁਲੀਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੰਸਦ ਮਾਰਗ ’ਤੇ ਟਰਾਂਸਪੋਰਟ ਭਵਨ ਕੋਲ ਵਿਆਪਕ ਪ੍ਰਬੰਧ ਕੀਤੇ ਸਨ ਅਤੇ ਬੈਰੀਕੇਡ ਲਗਾਏ ਸਨ। ਪੁਲੀਸ ਨੇ ਸੰਸਦ ਮੈਂਬਰਾਂ ਨੂੰ ਅੱਗੇ ਨਾ ਵਧਣ ਤੋਂ ਰੋਕਣ ਲਈ ਲਾਊਡਸਪੀਕਰ ਰਾਹੀਂ ਐਲਾਨ ਕੀਤਾ। ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ’ਚ ਟੀਆਰ ਬਾਲੂ (ਡੀਐੱਮਕੇ), ਸੰਜੇ ਰਾਊਤ (ਸ਼ਿਵ ਸੈਨਾ ਯੂਬੀਟੀ), ਡੈਰੇਕ ਓ’ਬ੍ਰਾਇਨ (ਟੀਐੱਮਸੀ), ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਅਤੇ ਨਾਲ ਹੀ ਡੀਐਮਕੇ, ਆਰਜੇਡੀ, ਖੱਬੇ-ਪੱਖੀ ਪਾਰਟੀਆਂ ਵਰਗੀਆਂ ਵਿਰੋਧੀ ਪਾਰਟੀਆਂ ਦੇ ਹੋਰ ਸੰਸਦ ਮੈਂਬਰ ਸ਼ਾਮਲ ਸਨ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਸੁਸ਼ਮਿਤਾ ਦੇਵ ਅਤੇ ਕਾਂਗਰਸ ਦੇ ਸੰਜਨਾ ਜਾਟਵ ਅਤੇ ਜੋਤੀਮਣੀ ਟਰਾਂਸਪੋਰਟ ਭਵਨ ਵਿਖੇ ਬੈਰੀਕੇਡਾਂ ’ਤੇ ਚੜ੍ਹ ਗਏ ਅਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ। ਸੰਸਦ ਮੈਂਬਰਾਂ ਨੇ ਇਸ ਮੌਕੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘SIR+ਵੋਟ ਚੋਰੀ = ਲੋਕਤੰਤਰ ਦਾ ਕਤਲ’, ‘SIR ਲੋਕਤੰਤਰ ਪਰ ਵਾਰ’ ਤੇ ‘SIR ਪਰ ਚੁੱਪੀ ਕਿਉਂ’ ਲਿਖਿਆ ਹੋਇਆ ਸੀ।
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਪਹਿਲਾਂ ਚੋਣ ਕਮਿਸ਼ਨ ਨੂੰ ਲਿਖਿਆ ਸੀ ਕਿ ਉਹ ਉਨ੍ਹਾਂ ਨਾਲ ਮੀਟਿੰਗ ਕਰਨ ਅਤੇ SIR ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕਰਨ ਦੀ ਇਜਾਜ਼ਤ ਦੇਣ। ਰਮੇਸ਼ ਨੇ ਚੋਣ ਕਮਿਸ਼ਨ ਨੂੰ ਆਪਣੇ ਮਾਰਚ ਬਾਰੇ ਜਾਣਕਾਰੀ ਦੇਣ ਲਈ ਲਿਖੇ ਪੱਤਰ ਵਿੱਚ ਕਿਹਾ, ‘‘ਸੰਸਦ ਮੈਂਬਰ ਬਿਹਾਰ ਵਿੱਚ ਕੀਤੇ ਜਾ ਰਹੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਸਮੇਤ ਕਈ ਹੋਰ ਮੁੱਦਿਆਂ ’ਤੇ ਕਮਿਸ਼ਨ ਨਾਲ ਸਮੂਹਿਕ ਤੌਰ ’ਤੇ ਮੁਲਾਕਾਤ ਕਰਨਾ ਚਾਹੁੰਦੇ ਹਨ।’’
ਵਿਰੋਧੀ ਧਿਰ ਸੰਸਦ ਦੇ ਦੋਵਾਂ ਸਦਨਾਂ ਵਿੱਚ ਐਸਆਈਆਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਚੋਣ ਕਮਿਸ਼ਨ ਦੀ ਇਹ ਕਾਰਵਾਈ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿੱਚ “ਵੋਟਰਾਂ ਨੂੰ ਵੋਟ ਪਾਉਣ ਤੋਂ ਵਾਂਝੇ” ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਹ ਦੋਵਾਂ ਸਦਨਾਂ ਵਿੱਚ ਇਸ ਮੁੱਦੇ ‘ਤੇ ਚਰਚਾ ਦੀ ਮੰਗ ਕਰ ਰਹੇ ਹਨ।

