ਜਿਰੀਬਾਮ ਕਤਲ ਮਾਮਲਾ: NIA ਵੱਲੋਂ ਇੱਕ ਹੋਰ ਮੁੱਖ ਦੋਸ਼ੀ ਗ੍ਰਿਫ਼ਤਾਰ

ਜਿਰੀਬਾਮ ਕਤਲ ਮਾਮਲਾ: NIA ਵੱਲੋਂ ਇੱਕ ਹੋਰ ਮੁੱਖ ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਮਨੀਪੁਰ ਦੇ ਜਿਰੀਬਾਮ ਵਿੱਚ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੇ ਬੇਰਹਿਮੀ ਨਾਲ ਹੋਏ ਕਤਲ ਵਿੱਚ ਸ਼ਾਮਲ ਇੱਕ ਹੋਰ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਨੇ ਮੁੱਖ ਦੋਸ਼ੀ ਲਾਲਰੋਸਾਂਗ ਹਮਾਰ ਉਰਫ਼ ਰੋਸਾਂਗ ਨੂੰ ਵੀਰਵਾਰ ਨੂੰ ਮਿਜ਼ੋਰਮ ਦੇ ਆਈਜ਼ੌਲ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਮੋਇਨਾਥੋਲ ਪਿੰਡ ਅਤੇ ਅਸਾਮ ਦੇ ਕਛਰ ਸਥਿਤ ਦਿਲਖੋਸ਼ ਗਰਾਂਟ ਦਾ ਰਹਿਣ ਵਾਲਾ ਹੈ।

ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਇਹ ਗ੍ਰਿਫ਼ਤਾਰੀ ਐੱਨਆਈਏ ਅਤੇ ਅਸਾਮ ਪੁਲੀਸ ਦੀ ਸਾਂਝੀ ਟੀਮ ਵੱਲੋਂ ਇੱਕ ਹੋਰ ਦੋਸ਼ੀ, ਥਾਂਗਲੀਏਨਲਾਲ ਹਮਾਰ ਨੂੰ ਆਈਜ਼ੌਲ ਤੋਂ ਹੀ ਗ੍ਰਿਫ਼ਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਹੋਈ ਹੈ।’’ ਐੱਨਆਈਏ ਨੇ ਕਿਹਾ ਕਿ ਥਾਂਗਲੀਏਨਲਾਲ ਵਾਂਗ ਲਾਲਰੋਸਾਂਗ ਵੀ ਇਸ ਘਿਨਾਉਣੇ ਅਪਰਾਧ ਵਿੱਚ ਇੱਕ ਸਰਗਰਮ ਸਾਜ਼ਿਸ਼ਕਰਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਜੰਸੀ ਨੇ ਉਸ ਕੋਲੋਂ ਇੱਕ ਸਿਮ ਕਾਰਡ ਸਮੇਤ ਇੱਕ ਮੋਬਾਈਲ ਫੋਨ ਜ਼ਬਤ ਕੀਤਾ ਹੈ।

Share: