ਦੁਨੀਆ ’ਚ ਸਭ ਤੋਂ ਤੇਜ਼ ਭੁਗਤਾਨ ਭਾਰਤ ’ਚ: ਆਈਐੱਮਐੱਫ

ਨਵੀਂ ਦਿੱਲੀ : ਭਾਰਤ ਹੁਣ ਕਿਸੇ ਵੀ ਹੋਰ ਦੇਸ਼ ਮੁਕਾਬਲੇ ਤੇਜ਼ ਭੁਗਤਾਨ ਕਰਦਾ ਹੈ ਅਤੇ ਇਸ ਦਾ ਸਿਹਰਾ ਯੂਪੀਆਈ ਨੂੰ ਜਾਂਦਾ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਇੱਕ ਲੇਖ ’ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ’ਚ ਡੈਬਿਟ ਤੇ ਕਰੈਡਿਟ ਕਾਰਡ ਸਮੇਤ ਹੋਰ ਸਾਧਨਾਂ ਦੀ ਵਰਤੋਂ ਘੱਟ ਰਹੀ ਹੈ। ਯੂਪੀਆਈ ਇੱਕ ਤੁਰੰਤ ਭੁਗਤਾਨ ਪ੍ਰਣਾਲੀ ਹੈ, ਜਿਸ ਨੂੰ ਭਾਰਤੀ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਵੱਲੋਂ ਮੋਬਾਈਲ ਫੋਨ ਰਾਹੀਂ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਲਈ ਵਿਕਸਿਤ ਕੀਤਾ ਗਿਆ ਹੈ। ਆਈਐੱਮਐੱਫ ਨੇ ਆਪਣੇ ਲੇਖ ’ਚ ਕਿਹਾ ਕਿ 2016 ’ਚ ਪੇਸ਼ ਹੋਣ ਮਗਰੋਂ ਯੂਪੀਆਈ ਤੇਜ਼ੀ ਨਾਲ ਵਿਕਸਿਤ ਹੋਇਆ ਹੈ ਜਦਕਿ ਨਕਦੀ ਦੀ ਵਰਤੋਂ ਘਟਣੀ ਸ਼ੁਰੂ ਹੋ ਗਈ ਹੈ। ਯੂਪੀਆਈ ਰਾਹੀਂ ਹੁਣ ਹਰ ਮਹੀਨੇ 18 ਅਰਬ ਤੋਂ ਵੱਧ ਲੈਣ-ਦੇਣ ਕੀਤਾ ਜਾ ਰਿਹਾ ਹੈ ਜੋ ਹੋਰ ਇਲੈਕਟ੍ਰਾਨਿਕ ਪ੍ਰਚੂਨ ਭੁਗਤਾਨਾਂ ਨਾਲੋਂ ਵੱਧ ਹੈ। ਲੇਖ ’ਚ ਕਿਹਾ ਗਿਆ ਹੈ, ‘ਭਾਰਤ ਹੁਣ ਕਿਸੇ ਵੀ ਹੋਰ ਮੁਲਕ ਮੁਕਾਬਲੇ ਤੇਜ਼ ਭੁਗਤਾਨ ਕਰਦਾ ਹੈ। ਨਾਲ ਹੀ ਨਕਦੀ ਦੀ ਵਰਤੋਂ ’ਚ ਵੀ ਕਮੀ ਆਈ ਹੈ।’ ਲੇਖ ’ਚ ਭਾਰਤ ਦੇ ਯੂਪੀਆਈ ਲੈਣ-ਦੇਣ ਦਾ ਅਧਿਐਨ ਕਰਨ ਵਾਲੇ ਵਿਸਥਾਰਤ ਅੰਕੜਿਆਂ ਦੀ ਵਰਤੋਂ ਕਰਦਿਆਂ ਇਸ ਢਾਂਚੇ ਅਨੁਸਾਰ ਸਬੂਤ ਪੇਸ਼ ਕੀਤੇ ਗਏ ਹਨ।

Share: