ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਅੱਧੇ ਜ਼ਿਲ੍ਹਿਆਂ ’ਚ ‘ਆਪ’ ਦੀ ਝੰਡੀ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਅੱਧੇ ਜ਼ਿਲ੍ਹਿਆਂ ’ਚ ‘ਆਪ’ ਦੀ ਝੰਡੀ

ਚੰਡੀਗਡ਼੍ਹ: ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ 12 ਜ਼ਿਲ੍ਹਿਆਂ ’ਚ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ ਜਿੱਥੇ ‘ਆਪ’ ਦਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਬਣਨਾ ਤੈਅ ਹੈ। ਬਠਿੰਡਾ ਤੇ ਮੁਕਤਸਰ ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਨਵਾਂ ਸ਼ਹਿਰ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ।

ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਅੰਤਿਮ ਨਤੀਜਿਆਂ ਅਨੁਸਾਰ ‘ਆਪ’ ਨੇ ਜ਼ਿਲ੍ਹਾ ਪਰਿਸ਼ਦ ਦੀਆਂ 63 ਫ਼ੀਸਦ ਸੀਟਾਂ ਤੇ ਪੰਚਾਇਤ ਸਮਿਤੀ ’ਚ 54 ਫ਼ੀਸਦ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਜ਼ਿਲ੍ਹਾ ਪਰਿਸ਼ਦ ’ਚ ਕਰੀਬ 18 ਫ਼ੀਸਦ ਅਤੇ ਪੰਚਾਇਤ ਸਮਿਤੀ ’ਚ 21.55 ਫ਼ੀਸਦ ਸੀਟਾਂ ’ਤੇ ਕਾਮਯਾਬ ਰਹੀ। ਪਰਿਸ਼ਦ ਚੋਣਾਂ ਦੇ 346 ’ਚੋਂ ‘ਆਪ’ ਨੇ 218 ਜ਼ੋਨਾਂ ’ਤੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਹਿੱਸੇ 62 ਜ਼ੋਨ ਆਏ ਹਨ। ਪੰਚਾਇਤ ਸਮਿਤੀ ਦੇ 2,834 ਜ਼ੋਨਾਂ ’ਚੋਂ ‘ਆਪ’ ਨੇ 1529 ਅਤੇ ਕਾਂਗਰਸ ਨੇ 611 ਜ਼ੋਨਾਂ ’ਤੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪਰਿਸ਼ਦ ਦੇ 46 ਜ਼ੋਨਾਂ ਅਤੇ ਪੰਚਾਇਤ ਸਮਿਤੀ ਦੇ 449 ਜ਼ੋਨਾਂ ’ਚ ਜਿੱਤ ਪ੍ਰਾਪਤ ਕੀਤੀ। ਪਰਿਸ਼ਦ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ 46 ਜ਼ੋਨਾਂ (13.29 ਫ਼ੀਸਦ), ਭਾਜਪਾ ਨੂੰ ਸੱਤ ਜ਼ੋਨਾਂ (2.02 ਫ਼ੀਸਦ), ਬਸਪਾ ਨੂੰ ਤਿੰਨ ਜ਼ੋਨਾਂ (0.86 ਫ਼ੀਸਦ) ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਜ਼ੋਨਾਂ (2.89 ਫ਼ੀਸਦ) ’ਚ ਕਾਮਯਾਬੀ ਮਿਲੀ ਹੈ। ਸਮਿਤੀ ਚੋਣਾਂ ’ਚ ‘ਆਪ’ ਨੂੰ 18 ਜ਼ਿਲ੍ਹਿਆਂ ’ਚ ਲੀਡ ਮਿਲੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ, ਫ਼ਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ’ਚ ਵੱਡੀ ਪਾਰਟੀ ਵਜੋਂ ਉੱਭਰਿਆ ਹੈ। ਕਾਂਗਰਸ ਨੂੰ ਨਵਾਂ ਸ਼ਹਿਰ ਤੇ ਰੋਪੜ ਜ਼ਿਲ੍ਹੇ ’ਚ ਲੀਡ ਮਿਲੀ ਹੈ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੇ ਕੁੱਲ 3,180 ਜ਼ੋਨਾਂ ਦੇ ਨਤੀਜੇ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੂੰ 1747 ਜ਼ੋਨਾਂ ’ਤੇ ਜਿੱਤ ਹਾਸਲ ਹੋਈ ਹੈ ਜੋ ਕਿ 54.93 ਫ਼ੀਸਦ ਬਣਦੇ ਹਨ ਅਤੇ ਵਿਰੋਧੀ ਧਿਰਾਂ ਨੂੰ 45 ਫ਼ੀਸਦ ਜ਼ੋਨਾਂ ’ਤੇ ਜਿੱਤਾਂ ਮਿਲੀਆਂ ਹਨ। ਭਾਜਪਾ ਦਾ ਜ਼ਿਲ੍ਹਾ ਫ਼ਾਜ਼ਿਲਕਾ ’ਚ ਪ੍ਰਦਰਸ਼ਨ ਚੰਗਾ ਰਿਹਾ ਹੈ ਜਿੱਥੇ ਪਰਿਸ਼ਦ ਦੀਆਂ ਤਿੰਨ ਸੀਟਾਂ ਅਤੇ ਸਮਿਤੀ ਦੀਆਂ 17 ਸੀਟਾਂ ਮਿਲੀਆਂ ਹਨ। ਭਾਜਪਾ ਨੂੰ ਪਠਾਨਕੋਟ ’ਚ ਚਾਰ ਸੀਟਾਂ ਪਰਿਸ਼ਦ ਦੀਆਂ ਅਤੇ 25 ਸੀਟਾਂ ਸਮਿਤੀ ਦੀਆਂ ਮਿਲੀਆਂ ਹਨ। ਹੁਸ਼ਿਆਰਪੁਰ ’ਚ ਸਮਿਤੀ ਦੀਆਂ 12 ਸੀਟਾਂ ਮਿਲੀਆਂ ਹਨ। ਬਸਪਾ ਨੂੰ ਜਲੰਧਰ ’ਚ ਤਿੰਨ ਸੀਟਾਂ ਪਰਿਸ਼ਦ ਦੀਆਂ ਤੇ 19 ਸੀਟਾਂ ਸਮਿਤੀ ਦੀਆਂ ਅਤੇ ਨਵਾਂ ਸ਼ਹਿਰ ’ਚ ਸਮਿਤੀ ਦੀਆਂ ਸੱਤ ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਰੋਪੜ ’ਚ ਪਰਿਸ਼ਦ ਦੀਆਂ ਪੰਜ ਅਤੇ ਸਮਿਤੀ ਦੀਆਂ 50 ਸੀਟਾਂ ਮਿਲੀਆਂ। ਨਵਾਂ ਸ਼ਹਿਰ ’ਚ ਕਾਂਗਰਸ ਨੂੰ ਛੇ ਪਰਿਸ਼ਦ ਸੀਟਾਂ ਅਤੇ 33 ਸੀਟਾਂ ਸਮਿਤੀ ਦੀਆਂ ਮਿਲੀਆਂ।

ਚੇਅਰਮੈਨੀ ਲਈ ਕੀਤਾ ਜਾ ਸਕਦਾ ਹੈ ਜੋੜ-ਤੋੜ

ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਅੰਮ੍ਰਿਤਸਰ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ, ਮਾਲੇਰਕੋਟਲਾ, ਮੋਗਾ, ਪਟਿਆਲਾ, ਸੰਗਰੂਰ ਤੇ ਤਰਨ ਤਾਰਨ ’ਚ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਪਠਾਨਕੋਟ ’ਚ ‘ਆਪ’ ਵੱਡੀ ਪਾਰਟੀ ਵਜੋਂ ਉੱਭਰੀ ਹੈ। ਇਨ੍ਹਾਂ ਚਾਰ ਜ਼ਿਲ੍ਹਿਆਂ ’ਚ ਚੇਅਰਮੈਨ ਬਣਾਉਣ ਲਈ ਉਸ ਨੂੰ ਦੂਜੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰਾਂ ਨਾਲ ਜੋੜ-ਤੋੜ ਕਰਨੇ ਪੈਣਗੇ। ਪਰਿਸ਼ਦ ਦੀ ਚੇਅਰਮੈਨੀ ਲਈ ਕਾਂਗਰਸ ਫ਼ਿਰੋਜਪੁਰ ’ਚ ਵੱਡੀ ਪਾਰਟੀ ਬਣੀ ਹੈ।

ਜਿਨ੍ਹਾਂ ਦਾ ਜਾਦੂ ਚੱਲਿਆ

ਜਿਨ੍ਹਾਂ ਸਿਆਸੀ ਨੇਤਾਵਾਂ ਦਾ ਜਾਦੂ ਚੱਲਿਆ ਹੈ, ਉਨ੍ਹਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਖੇਤਰ ’ਚ ਵੱਡੀ ਜਿੱਤ ਦਰਜ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਜ਼ਿਲ੍ਹੇ ਮੁਕਤਸਰ ’ਚ ਵੱਡੀ ਮੱਲ ਮਾਰੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਅਤੇ ਮੋਰਿੰਡਾ ’ਚ ਕਾਂਗਰਸ ਨੂੰ ਸਮਿਤੀ ’ਤੇ ਕਾਬਜ਼ ਕਰਨ ’ਚ ਸਫਲ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਸਮਿਤੀ ’ਤੇ ਕਾਂਗਰਸ ਨੂੰ ਜਿੱਤ ਦਿਵਾਈ ਅਤੇ ਉਨ੍ਹਾਂ ਦੇ ਆਜ਼ਾਦ ਵਿਧਾਇਕ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕ ਮੈਂਬਰਾਂ ਦਾ ਸੁਲਤਾਨਪੁਰ ਲੋਧੀ ਦੀ ਸਮਿਤੀ ’ਤੇ ਹੱਥ ਉਪਰ ਰਿਹਾ ਹੈ। ਵਿਧਾਇਕ ਮਨਪ੍ਰੀਤ ਇਆਲੀ ਧੜੇ ਦੇ ਮੈਂਬਰ ਮੁੱਲਾਂਪੁਰ ਦਾਖਾ ਸਮਿਤੀ ’ਤੇ ਕਾਬਜ਼ ਹੋਣ ’ਚ ਸਫਲ ਹੋਏ ਹਨ। ਰਾਜਾ ਵੜਿੰਗ ਦੇ ਜ਼ਿਲ੍ਹੇ ਮੁਕਤਸਰ ’ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਹੈ।

ਲੁਧਿਆਣਾ ’ਚ ‘ਆਪ’ ਤੇ ਕਾਂਗਰਸੀ ਵਰਕਰਾਂ ਵਿੱਚ ਝੜਪ, 5 ਫੱਟੜ

ਲੁਧਿਆਣਾ : ਲੁਧਿਆਣਾ ਵਿੱਚ ਬਲਾਕ ਸਮਿਤੀ ਦੀਆਂ ਚੋਣਾਂ ਦਾ ਜਸ਼ਨ ਵੀਰਵਾਰ ਦੇਰ ਸ਼ਾਮ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਗਿੱਲ ਰੋਡ ਸਥਿਤ ਬਚਿੱਤਰ ਨਗਰ ਇਲਾਕੇ ਵਿੱਚ ‘ਆਪ’ ਵਰਕਰ ਜਦੋਂ ਜਸ਼ਨ ਮਨਾ ਰਹੇ ਸਨ ਤਾਂ ਉਨ੍ਹਾਂ ਦੀ ਕਾਂਗਰਸ ਦੇ ਸਾਬਕਾ ਸਰਪੰਚ ਅਤੇ ਹੋਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਪਹਿਲਾਂ ਦੋਵੇਂ ਧੜਿਆਂ ਨੇ ਇੱਕ-ਦੂਜੇ ’ਤੇ ਪਥਰਾਅ ਕੀਤਾ। ਇਸ ਮਗਰੋਂ ਕਾਂਗਰਸੀ ਵਰਕਰ ਨੇ ਪਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਝੜਪ ਦੌਰਾਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਗੁਰਮੁਖ ਸਿੰਘ (65), ਰਵਿੰਦਰ ਸਿੰਘ (44), ਗੁਰਦੀਪ ਸਿੰਘ (32), ਊਧਮਵੀਰ ਸਿੰਘ (25) ਅਤੇ ਮਨਦੀਪ ਸਿੰਘ (36) ਵਜੋਂ ਹੋਈ ਹੈ। ਗੁਰਮੁਖ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਰੈਫਰ ਕੀਤਾ ਗਿਆ ਹੈ। ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਰਵਿੰਦਰ ਸਿੰਘ ਨੇ ਦੱਸਿਆ ਕਿ ‘ਆਪ’ ਵਰਕਰ ਜਿੱਤ ਮਗਰੋਂ ਧੰਨਵਾਦ ਰੈਲੀ ਕਰ ਰਹੇ ਸਨ। ਕਾਂਗਰਸੀ ਆਗੂ ਜਸਬੀਰ ਸਿੰਘ ਨੇ ਪਹਿਲਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਿਸ ਮਗਰੋਂ ਬਹਿਸ ਸ਼ੁਰੂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਪਥਰਾਅ ਕੀਤਾ ਅਤੇ ਫਿਰ ਗੋਲੀਆਂ ਚਲਾਈਆਂ। ‘ਆਪ’ ਆਗੂ ਜਤਿੰਦਰਪਾਲ ਸਿੰਘ ਗਾਬੜੀਆ ਨੇ ਦੱਸਿਆ ਕਿ ਉਹ ਸੋਨੂੰ ਗਿੱਲ ਅਤੇ ਸੁਮਿਤ ਸਿੰਘ ਖੰਨਾ ਦੀ ਜਿੱਤ ਮਗਰੋਂ ਧੰਨਵਾਦ ਰੈਲੀ ਕਰ ਰਹੇ ਸਨ ਤਾਂ ਉਨ੍ਹਾਂ ਉਪਰ ਹਮਲਾ ਹੋਇਆ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਐੱਸ ਐੱਚ ਓ ਇੰਸਪੈਕਟਰ ਜਗਦੇਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ

ਸੋਸ਼ਲ ਮੀਡੀਆ ’ਤੇ 1.57 ਮਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ‘ਆਪ’ ਅਤੇ ਕਾਂਗਰਸ ਵਰਕਰ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। ਦੋਵੇਂ ਧੜੇ ਇੱਟਾਂ, ਪੱਥਰ ਅਤੇ ਡੰਡੇ ਲੈ ਕੇ ਚੱਲ ਰਹੇ ਹਨ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜਦੋਂ ’ਆਪ’ ਸਮਰਥਕ ਇੱਕ ਥਾਂ ਤੋਂ ਨਿਕਲਣ ਲੱਗੇ ਤਾਂ ਕਾਂਗਰਸੀ ਵਰਕਰਾਂ ਨੇ ਸਭ ਤੋਂ ਪਹਿਲਾਂ ਇੱਟਾਂ ਸੁੱਟੀਆਂ। ਕਰੀਮ ਰੰਗ ਦੀ ਜੈਕੇਟ ਵਾਲਾ ਸ਼ਖ਼ਸ ‘ਆਪ’ ਵਰਕਰਾਂ ’ਤੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ।

Share: