ਫਿਰੋਜ਼ਪੁਰ: ਇੱਥੋਂ ਦੇ ਪਿੰਡ ਚੱਕ ਤਰਾਂ ਵਾਲੀ ਦੇ 10 ਸਾਲਾ ਬੱਚੇ ਸ਼ਰਵਣ ਸਿੰਘ ਨੂੰ ਵੀਰ ਬਾਲ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ‘ਚ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਸ਼ਰਵਣ ਸਿੰਘ ਨੂੰ ਇਹ ਪੁਰਸਕਾਰ ਮਈ 2025 ‘ਚ ਅਪਰੇਸ਼ਨ ਸਿੰਧੂਰ ਦੌਰਾਨ ਉਸ ਦੀ ਬੇਮਿਸਾਲ ਸੂਝ-ਬੂਝ, ਹਿੰਮਤ ਅਤੇ ਬਿਨਾਂ ਕਿਸੇ ਲਾਲਚ ਦੇ ਕੀਤੀ ਗਈ ਸੇਵਾ ਲਈ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਰਵਣ ਸਿੰਘ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅਪੂਰਨ ਭਰੇ ਮਾਹੌਲ ਵਿੱਚ ਬਾਰਡਰ ਤੇ ਡਟੀਆਂ ਫ਼ੌਜਾਂ ਨੂੰ ਮੱਦਦ ਪਹੁੰਚਾਉਂਦਾ ਰਿਹਾ ਸੀ। ਜਿਸ ਸਮੇਂ ਕੋਈ ਵਿਅਕਤੀ ਡਰਦੇ ਹੋਏ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਸੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਲੈਕ ਆਊਟ ਕੀਤਾ ਗਿਆ ਸੀ, ਉਸ ਦੌਰਾਨ ਸ਼ਰਵਣ ਸਿੰਘ ਦੁਸ਼ਮਣ ਦੇਸ਼ ਦੇ ਡਰੋਨਾਂ ਦੀ ਪਰਿਵਾਹ ਨਾ ਕਰਦੇ ਹੋਏ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸੇਵਾ ਕਰਨ ਲਈ ਭਾਰਤੀ ਫੌਜਾਂ ਤੱਕ ਪਹੁੰਚ ਕੇ ਉਨਾਂ ਦਾ ਹੌਸਲਾ ਵਧਾਉਂਦਾ ਰਿਹਾ ਸੀ। ਸ਼ਰਵਣ ਸਿੰਘ ਫ਼ੌਜਾਂ ਨੂੰ ਚਾਹ, ਦੁੱਧ, ਪਾਣੀ, ਬਰਫ਼, ਅਤੇ ਲੱਸੀ ਸਮੇਤ ਵਰਗੀਆਂ ਜ਼ਰੂਰੀ ਚੀਜ਼ਾਂ ਪਹੁੰਚਾਉਂਦਾ ਸੀ।
ਜਿਸ ਲਈ ਫ਼ੌਜ ਵਲੋਂ ਵੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਫ਼ੌਜ ਨੇ ਹੀ ਉਸ ਦੀ ਪੜ੍ਹਾਈ ਜ਼ਿੰਮਾ ਚੁੱਕਿਆ ਹੋਇਆ ਹੈ। ਅੱਜ ਰਾਸ਼ਟਰਪਤੀ ਵਲੋਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ।

