ਨਵੀਂ ਦਿੱਲੀ: ਕਾਂਗਰਸ ਦੀ ਰੈਲੀ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਦੇ ਵਿਰੋਧ ਵਿਚ ਸੰਸਦ ਦੇ ਦੋਵਾਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਆਗੂਆਂ ਨੂੰ ਇਸ ਸਦਨ ਰਾਹੀਂ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਲੋਕ ਸਭਾ ਦੁਪਹਿਰ 12 ਵਜੇ ਮੁੜ ਜੁੜੀ ਤਾਂ ਹੰਗਾਮਾ ਜਾਰੀ ਰਿਹਾ, ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਸਦਨ ਸਵੇਰੇ 11 ਵਜੇ ਜੁੜਿਆ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੁਝ ਸਾਬਕਾ ਮੈਂਬਰਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ ਤੇ ਸਦਨ ਨੇ ਵਿਛੜੇ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਰੱਖਿਆ। ਉਪਰੰਤ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਐਤਵਾਰ ਨੂੰ ਕਾਂਗਰਸ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਕੱਲ੍ਹ ਕਾਂਗਰਸ ਦੀ ਇੱਕ ਰੈਲੀ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਕਬਰ ਖੋਦਣ ਦੀ ਗੱਲ ਹੋਈ ਸੀ। ਇਹ ਦੇਸ਼ ਲਈ ਬਹੁਤ ਦੁਖਦਾਈ ਹੈ ਕਿ ਕਾਂਗਰਸ ਪਾਰਟੀ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੀ ਹੈ। ਪੂਰੀ ਕਾਂਗਰਸ ਪਾਰਟੀ… ਪੂਰੀ ਲੀਡਰਸ਼ਿਪ ਉਸ ਰੈਲੀ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਬਰ ਖੋਦਣ ਬਾਰੇ ਨਾਅਰੇਬਾਜ਼ੀ ਕੀਤੀ।’’
ਉਨ੍ਹਾਂ ਕਿਹਾ ਕਿ ਇਸ ਦੇਸ਼ ਲਈ ਇਸ ਤੋਂ ਵੱਧ ਸ਼ਰਮਨਾਕ ਅਤੇ ਮੰਦਭਾਗਾ ਕੁਝ ਨਹੀਂ ਹੋ ਸਕਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, 1.4 ਅਰਬ ਲੋਕਾਂ ਦੇ ਨੇਤਾ, ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਮਜ਼ਬੂਤ ਨੇਤਾ ਵਿਰੁੱਧ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਰਿਜਿਜੂ ਨੇ ਕਿਹਾ, ‘‘2014 ਵਿੱਚ, ਇੱਕ ਭਾਜਪਾ ਸੰਸਦ ਮੈਂਬਰ ਨੇ ਵਿਰੋਧੀ ਧਿਰ ਵਿਰੁੱਧ ਅਪਮਾਨਜਨਕ ਸ਼ਬਦ ਦੀ ਵਰਤੋਂ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਸੰਸਦ ਮੈਂਬਰ ਨੂੰ ਮੁਆਫੀ ਮੰਗਣ ਲਈ ਕਿਹਾ, ਅਤੇ ਉਨ੍ਹਾਂ ਨੇ ਮੁਆਫੀ ਮੰਗੀ।’’
ਕੇਂਦਰੀ ਮੰਤਰੀ ਨੇ ਕਿਹਾ, ‘‘ਇਸ ਸਦਨ ਲਈ ਸਾਰੇ ਚੁਣੇ ਗਏ ਹਨ। ਅਸੀਂ ਵਿਰੋਧੀ ਹਾਂ, ਦੁਸ਼ਮਣ ਨਹੀਂ। ਅਸੀਂ ਇਸ ਸਦਨ ਵਿੱਚ ਲੋਕਾਂ ਦੇ ਪ੍ਰਤੀਨਿਧੀਆਂ ਵਜੋਂ ਕੰਮ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਨੂੰ ਇਸ ਸਦਨ ਰਾਹੀਂ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਕੁਝ ਕਾਂਗਰਸੀ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ ਅਤੇ ਹੰਗਾਮਾ ਵੀ ਕੀਤਾ। ਹੰਗਾਮੇ ਵਿਚਕਾਰ, ਲੋਕ ਸਭਾ ਸਪੀਕਰ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।
ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਕਈ ਵੀਡੀਓਜ਼ ਵਿੱਚ ਕਥਿਤ ਤੌਰ ’ਤੇ ਕੁਝ ਕਾਂਗਰਸੀ ਵਰਕਰ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਪਾਰਟੀ ਦੀ ਰੈਲੀ ਵੱਲ ਜਾਂਦੇ ਸਮੇਂ ‘ਮੋਦੀ, ਤੁਹਾਡੀ ਕਬਰ ਪੁੱਟ ਦਿੱਤੀ ਜਾਵੇਗੀ’ ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਰਾਜ ਸਭਾ ਵਿੱਚ ਵੀ, ਸੱਤਾਧਾਰੀ ਪਾਰਟੀ ਦੇ ਵਿਰੋਧ ਕਾਰਨ, ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ, ਸੋਮਵਾਰ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

