ਢਾਕਾ: ਜੁਲਾਈ ਵਿਦਰੋਹ ਦੇ ਪ੍ਰਮੁੱਖ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰੇ ਬੰਗਲਾਦੇਸ਼ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਹੋਈ ਹੈ। ਵੀਰਵਾਰ ਰਾਤ ਨੂੰ ਮੁੱਖ ਸਲਾਹਕਾਰ ਮੁਹੰਮਦ ਯੂਨਸ ਵੱਲੋਂ ਇਨਕਲਾਬ ਮੰਚ ਦੇ ਆਗੂ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਈ ਥਾਵਾਂ ’ਤੇ ਹਮਲੇ ਅਤੇ ਭੰਨਤੋੜ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਹਾਲਾਂਕਿ ਸ਼ੁੱਕਰਵਾਰ ਸਵੇਰੇ ਹਿੰਸਾ ਦੀ ਕੋਈ ਤਾਜ਼ਾ ਘਟਨਾ ਦਰਜ ਨਹੀਂ ਕੀਤੀ ਗਈ। ਦੱਸ ਦਈਏ ਕਿ ਹਾਦੀ 12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਮੀਦਵਾਰ ਸੀ। ਪਿਛਲੇ ਹਫ਼ਤੇ ਢਾਕਾ ਦੇ ਬਿਜੋਏਨਗਰ ਇਲਾਕੇ ਵਿੱਚ ਚੋਣ ਪ੍ਰਚਾਰ ਦੌਰਾਨ ਨਕਾਬਪੋਸ਼ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਛੇ ਦਿਨਾਂ ਤੱਕ ਮੌਤ ਨਾਲ ਲੜਨ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਅਖ਼ਬਾਰਾਂ ਦੇ ਦਫ਼ਤਰਾਂ ’ਤੇ ਹਮਲੇ ਕੀਤੇ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਨਿਵਾਸ ‘32 ਧਾਨਮੰਡੀ’ ਵਿੱਚ ਭੰਨਤੋੜ ਕੀਤੀ।
ਰਾਤ ਕਰੀਬ 1:30 ਵਜੇ ਪ੍ਰਦਰਸ਼ਨਕਾਰੀਆਂ ਨੇ ਚਟਗਾਂਵ ਵਿੱਚ ਸਹਾਇਕ ਭਾਰਤੀ ਹਾਈ ਕਮਿਸ਼ਨਰ ਦੀ ਰਿਹਾਇਸ਼ ’ਤੇ ਇੱਟਾਂ-ਪੱਥਰ ਸੁੱਟੇ, ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਵਰਤੋਂ ਕਰਕੇ ਭੀੜ ਨੂੰ ਖਿੰਡਾਇਆ ਅਤੇ 12 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਸੀਨੀਅਰ ਅਧਿਕਾਰੀਆਂ ਨੇ ਸਹਾਇਕ ਹਾਈ ਕਮਿਸ਼ਨਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਨੈਸ਼ਨਲ ਸਿਟੀਜ਼ਨ ਪਾਰਟੀ (NCP) ਦੇ ਸਮਰਥਕਾਂ ਨੇ ਢਾਕਾ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਸੋਗ ਮਾਰਚ ਕੱਢਿਆ। ਉਨ੍ਹਾਂ ਦੋਸ਼ ਲਾਇਆ ਕਿ ਹਾਦੀ ਦੇ ਕਾਤਲ ਕਤਲ ਕਰਨ ਤੋਂ ਬਾਅਦ ਭਾਰਤ ਭੱਜ ਗਏ ਹਨ। ਐਨ.ਸੀ.ਪੀ. ਦੇ ਮੁੱਖ ਆਗੂ ਸਾਰਜਿਸ ਆਲਮ ਨੇ ਕਿਹਾ, “ ਜਦੋਂ ਤੱਕ ਭਾਰਤ ਹਾਦੀ ਭਾਈ ਦੇ ਕਾਤਲਾਂ ਨੂੰ ਵਾਪਸ ਨਹੀਂ ਕਰਦਾ, ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨ ਬੰਦ ਰਹਿਣਾ ਚਾਹੀਦਾ ਹੈ। ਅਸੀਂ ਜੰਗ ਦੀ ਸਥਿਤੀ ਵਿੱਚ ਹਾਂ!”
ਢਾਕਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੱਭਿਆਚਾਰਕ ਸਮੂਹ ‘ਛਾਇਆ ਨਟ’ ਦੇ ਦਫ਼ਤਰ ’ਤੇ ਹਮਲਾ ਕਰਕੇ ਫਰਨੀਚਰ ਨੂੰ ਅੱਗ ਲਗਾ ਦਿੱਤੀ।
ਕਾਰਵਾਨ ਬਾਜ਼ਾਰ ਸਥਿਤ ਪ੍ਰਮੁੱਖ ਅਖ਼ਬਾਰਾਂ ‘ਪ੍ਰਥਮ ਆਲੋ’ ਅਤੇ ‘ਡੇਲੀ ਸਟਾਰ’ ਦੇ ਦਫ਼ਤਰਾਂ ਵਿੱਚ ਭੰਨਤੋੜ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਸਾਹਮਣੇ ਅੱਗ ਲਗਾ ਦਿੱਤੀ, ਜਦੋਂ ਕਿ ਪੱਤਰਕਾਰ ਅਤੇ ਸਟਾਫ ਅੰਦਰ ਫਸੇ ਹੋਏ ਸਨ।
ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਹਾਦੀ ਦੇ ਕਾਤਲਾਂ ਨੂੰ ਜਲਦ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ ਅਤੇ ਕਿਹਾ, “ਕਾਤਲਾਂ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਬਰ ਅਤੇ ਸੰਜਮ ਬਣਾਈ ਰੱਖਣ।”

