ਟੱਲੇਵਾਲ: ਸ਼ੱਕੀ ਹਾਲਾਤਾਂ ਵਿੱਚ ਲੜਕਾ ਲੜਕੀ ਦੀ ਲਾਸ਼ ਮਿਲੀ

ਮਹਿਲ ਕਲਾਂ: ਹਲਕੇ ਦੇ ਪਿੰਡ ਟੱਲੇਵਾਲ ਵਿਖੇ ਸ਼ੱਕੀ ਹਾਲਾਤ ਵਿੱਚ ਇੱਕ ਘਰ ਤੋਂ ਲੜਕੇ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਬਰਨਾਲਾ ਤੋਂ ਬਾਹਰ ਦੇ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਇੱਕ ਐੱਨ ਆਰ ਆਈ ਦੇ ਖਾਲੀ ਘਰ ਵਿੱਚ ਰਹਿਣ ਆਏ ਸਨ। ਲੜਕਾ ਮਾਛੀਵਾੜਾ ਦੇ ਨੇੜੇ ਦਾ ਦੱਸਿਆ ਜਾ ਰਿਹਾ ਹੈ। ਦੋਵੇਂ ਮ੍ਰਿਤਕਾਂ ਦੇ ਜਾਣਕਾਰ ਪਿੰਡ ਦੇ ਨੌਜਵਾਨ ਨੇ ਸਵੇਰ ਸਮੇਂ ਉਹਨਾਂ ਨਾਲ ਫ਼ੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ ਅਤੇ ਘਰ ਦਾ ਗੇਟ ਵੀ ਨਹੀਂ ਖੋਲ੍ਹਿਆ। ਜਦੋਂ ਉਕਤ ਨੌਜਵਾਨ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਨੌਜਵਾਨ ਲੜਕੇ ਦੀ ਲਾਸ਼ ਲਟਕ ਰਹੀ ਸੀ, ਜਦਕਿ ਲੜਕੀ ਨੇੜੇ ਮ੍ਰਿਤਕ ਹਾਲਤ ਵਿੱਚ ਪਈ ਸੀ। ਇਸ ਉਪਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਦੋਵਾਂ ਦੀਆਂ ਲਾਸ਼ਾਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਈਆਂ ਗਈਆਂ। ਮ੍ਰਿਤਕ ਲੜਕੇ ਦੀ ਉਮਰ ਕਰੀਬ 40 ਸਾਲ ਅਤੇ ਲੜਕੀ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣੇ ਟੱਲੇਵਾਲ ਦੇ ਐੱਸਐੱਚਓ ਨਿਰਮਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ।

Share: