ਚੰਡੀਗਡ਼੍ਹ: ਪੰਜਾਬ ’ਚ ਕਈ ਥਾਵਾਂ ’ਤੇ ਹਿੰਸਕ ਝੜਪਾਂ ਅਤੇ ਪੋਲਿੰਗ ਬੂਥਾਂ ’ਤੇ ਜਬਰੀ ਕਬਜ਼ੇ ਦੀਆਂ ਘਟਨਾਵਾਂ ਦਰਮਿਆਨ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਮਤਦਾਨ ਕਾਫ਼ੀ ਮੱਠਾ ਰਿਹਾ ਅਤੇ ਸਿਰਫ਼ 48 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਆਉਣਗੇ। ਸੂਬੇ ’ਚ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ 1249 ਉਮੀਦਵਾਰਾਂ ਅਤੇ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ ਮੈਦਾਨ ’ਚ ਡਟੇ 8,098 ਉਮੀਦਵਾਰਾਂ ਦੀ ਕਿਸਮਤ ਬੈਲੇਟ ਬਕਸਿਆਂ ’ਚ ਬੰਦ ਹੋ ਗਈ ਹੈ।
ਅੱਜ ਸਵੇਰੇ 8 ਵਜੇ ਤੋਂ ਸ਼ਾਮ ਚਾਰ ਵਜੇ ਤੱਕ 18,718 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਚੋਣਾਂ ਦੌਰਾਨ ਦਰਜਨਾਂ ਥਾਵਾਂ ’ਤੇ ਝੜਪਾਂ ਹੋਈਆਂ ਜਿਨ੍ਹਾਂ ’ਚ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ। ਉਂਝ ਪਿਛਲੀਆਂ ਚੋਣਾਂ ਦੇ ਮੁਕਾਬਲੇ ਐਤਕੀਂ ਹਿੰਸਕ ਘਟਨਾਵਾਂ ਘੱਟ ਹੋਈਆਂ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪੰਚਾਇਤ ਸਮਿਤੀ ਦੇ ਫੱਤਾਵਾਲਾ ਜ਼ੋਨ ਤੋਂ ਭਾਜਪਾ ਉਮੀਦਵਾਰ ਜਗਦੀਪ ਸਿੰਘ ’ਤੇ ਜਾਨਲੇਵਾ ਹਮਲਾ ਹੋਇਆ ਜਿਨ੍ਹਾਂ ਨੂੰ ਫ਼ੌਰੀ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਬੂਥ ਕਬਜ਼ਾ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਛਾਤੀ ਦੇ ਖੱਬੇ ਪਾਸੇ ਕੈਂਚੀ ਨਾਲ ਹਮਲਾ ਕੀਤਾ ਗਿਆ। ਪਹਿਲਾਂ ਆਖਿਆ ਜਾ ਰਿਹਾ ਸੀ ਕਿ ਹਮਲਾ ਅਕਾਲੀ ਵਰਕਰਾਂ ਨੇ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਧੂ ਚੱਕ ’ਚ ਬੂਥ ਨੰਬਰ 127 ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਭਿੜ ਗਏ। ਇਸ ਮੌਕੇ ਕੁਰਸੀਆਂ ਵੀ ਚੱਲੀਆਂ। ਝੜਪ ’ਚ ਸਾਬਕਾ ਸਰਪੰਚ ਜੁਗਰਾਜ ਸਿੰਘ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ।
ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਬੂਥ ਦੇ ਬਾਹਰ ਬੈਠੇ ਕਾਂਗਰਸੀ ਵਰਕਰਾਂ ’ਤੇ ‘ਆਪ’ ਵਰਕਰਾਂ ਨੇ ਕਿਰਪਾਨਾਂ ਨਾਲ ਹਮਲਾ ਕੀਤਾ। ਅਮਲੋਹ ਹਲਕੇ ਦੇ ਪਿੰਡ ਦੀਵਾ ਗੰਢੂਆਂ ’ਚ ‘ਆਪ’ ਵਾਲੰਟੀਅਰ ਸੁਖਚੈਨ ਸਿੰਘ ’ਤੇ ਪੋਲਿੰਗ ਸਟੇਸ਼ਨ ਦੇ ਅੰਦਰ ਹਮਲਾ ਹੋਇਆ। ਹਲਕਾ ਵਿਧਾਇਕ ਗੈਰੀ ਵੜਿੰਗ ਨੇ ਦੋਸ਼ ਲਾਇਆ ਕਿ ਕਾਂਗਰਸ ਵਰਕਰਾਂ ਨੇ ਸੁਖਚੈਨ ਸਿੰਘ ’ਤੇ ਕਿਰਚ ਨਾਲ ਹਮਲਾ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਫ਼ਤਿਹਗੜ੍ਹ ਨੌ ਆਬਾਦ ’ਚ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ’ਚ ਭਰਤੀ ਕਰਾਇਆ ਗਿਆ ਹੈ। ਮਜੀਠਾ ਸਬ ਡਿਵੀਜ਼ਨ ਦੇ ਪਿੰਡ ਤਲਵੰਡੀ ਦਸੌਧਾਂ ’ਚ ਵੋਟਰ ਜੁਗਰਾਜ ਸਿੰਘ, ਜੋ ਪਰਿਵਾਰ ਸਮੇਤ ਵੋਟ ਪਾਉਣ ਜਾ ਰਿਹਾ ਸੀ, ਦੀ ਗੱਡੀ ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ।
ਹਮਲੇ ’ਚ ਜੁਗਰਾਜ ਸਿੰਘ ਦੀ ਪੱਗ ਲੱਥ ਗਈ ਅਤੇ ਉਸ ਨੇ ਗੱਡੀ ਭਜਾ ਕੇ ਜਾਨ ਬਚਾਈ। ਜੁਗਰਾਜ ਸਿੰਘ ਨੇ ਕਿਹਾ ਕਿ ਸਰਪੰਚ ਨੇ ਉਸ ’ਤੇ ਹਮਲਾ ਕੀਤਾ ਹੈ। ਜ਼ਿਲ੍ਹਾ ਰੋਪੜ ਦੇ ਪਿੰਡ ਸੈਦਪੁਰ ’ਚ ਕਾਂਗਰਸੀ ਉਮੀਦਵਾਰ ’ਤੇ ਵੀ ਹਮਲਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਦੀ ਗੱਡੀ ਘੇਰ ਕੇ ਹਮਲਾ ਕੀਤਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕਾਜੀ ਕੋਟ ’ਚ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਵਰਕਰ ਆਪਸ ’ਚ ਭਿੜ ਪਏ ਅਤੇ ਇੱਟਾਂ-ਰੋੜੇ ਚੱਲੇ। ਇੱਥੇ ਜਾਅਲੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਆਪਸੀ ਟਕਰਾਅ ਵਧਿਆ। ਫ਼ਿਰੋਜ਼ਪੁਰ ਦੇ ਪਿੰਡ ਬੇਟੂ ਕਦੀਮਾਂ ’ਚ ਵੀ ਦੋ ਧੜਿਆਂ ’ਚ ਇੱਟਾਂ-ਰੋੜੇ ਚੱਲੇ ਹਨ। ਬਲਾਕ ਵਲਟੋਹਾ ਦੇ ਪਿੰਡ ਉਗੋਕੇ ’ਚ ਜਾਅਲੀ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਰਕਰਾਂ ਦਰਮਿਆਨ ਝਗੜਾ ਹੋਇਆ। ਪੱਟੀ ਹਲਕੇ ਦੇ ਪਿੰਡ ਸ਼ਹੀਦ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਸਿੰਘ ਸੇਖੋਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਨਾਅਰੇਬਾਜ਼ੀ ਕੀਤੀ। ਉਸ ਨੇ ਕਿਹਾ ਕਿ ‘ਆਪ’ ਆਗੂ ਹਥਿਆਰਾਂ ਸਮੇਤ ਪੋਲਿੰਗ ਸਟੇਸ਼ਨ ਅੰਦਰ ਗਏ।
ਮੁਕਤਸਰ ਜ਼ਿਲ੍ਹੇ ’ਚ ਬੂਥਾਂ ’ਤੇ ਕਬਜ਼ੇ ਦੇ ਦੋਸ਼
ਜ਼ਿਲ੍ਹਾ ਮੁਕਤਸਰ ਬੂਥ ਕਬਜ਼ਿਆਂ ਦਾ ਕੇਂਦਰ ਬਣਿਆ ਰਿਹਾ। ਪੌਣੇ ਤਿੰਨ ਵਜੇ ਦੇ ਕਰੀਬ ਹਲਕਾ ਮਲੋਟ ਦੇ ਪਿੰਡ ਕਿੰਗਰਾ ’ਚ ਬੂਥ ਕਬਜ਼ੇ ਹੋਏ। ਬੂਥ ਨੰਬਰ 136 ’ਤੇ ਡਿਊਟੀ ਉਪਰ ਤਾਇਨਾਤ ਸਟਾਫ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਸੀ ਸੀ ਟੀ ਵੀ ਕੈਮਰੇ ਪੁੱਟੇ ਅਤੇ ਫਿਰ ਬੈਲੇਟ ਪੇਪਰ ਖੋਹ ਕੇ ਲੈ ਗਏ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਦੋ ਸਕਾਰਪੀਓ ਗੱਡੀਆਂ ’ਚ ਕੁੱਝ ਲੋਕ ਆਏ ਜਿਨ੍ਹਾਂ ਸ਼ਰੇਆਮ ਗੁੰਡਾਗਰਦੀ ਕੀਤੀ। ਉਨ੍ਹਾਂ ਮੁੜ ਪੋਲਿੰਗ ਕਰਾਉਣ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਮਲੋਟ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪਿੰਡ ਕਿੰਗਰਾ ’ਚ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਹੈ। ਗਿੱਦੜਬਾਹਾ ਦੇ ਪਿੰਡ ਬਬਾਨੀਆ ’ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਇਕੱਠੇ ਹੋ ਕੇ ‘ਆਪ’ ’ਤੇ ਬੂਥ ਕਬਜ਼ੇ ਦੇ ਇਲਜ਼ਾਮ ਲਾਏ। ‘ਆਪ’ ਆਗੂਆਂ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ। ਵਿਰੋਧੀ ਆਗੂਆਂ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਧਰਨਾ ਵੀ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਲੰਬੀ ਦੇ ਪਿੰਡ ਦਿਉਣ ਖੇੜਾ ’ਚ ਬੂਥ ਕਬਜ਼ੇ ਹੋਣ ਦੇ ਇਲਜ਼ਾਮ ਲਾਏ।
16 ਬੂਥਾਂ ’ਤੇ ਭਲਕੇ ਮੁੜ ਪੋਲਿੰਗ
ਪੰਜਾਬ ਰਾਜ ਚੋਣ ਕਮਿਸ਼ਨ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ ਤੋਂ ਰਿਪੋਰਟਾਂ ਮਿਲਣ ਉਪਰੰਤ 16 ਪੋਲਿੰਗ ਬੂਥਾਂ ’ਤੇ 16 ਦਸੰਬਰ ਨੂੰ ਦੁਬਾਰਾ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਬਾਨੀਆ ਦੇ ਬੂਥ ਨੰਬਰ 63 ਤੇ 64 ਅਤੇ ਪਿੰਡ ਮਧੀਰ ਦੇ ਬੂਥ ਨੰਬਰ 21 ਤੇ 22 ’ਚ ਮੁੜ ਚੋਣ ਹੋਵੇਗੀ। ਜਲੰਧਰ ਦੇ ਪਿੰਡ ਭੋਗਪੁਰ ਦੇ ਪੰਚਾਇਤ ਸਮਿਤੀ ਦੇ ਜ਼ੋਨ ਨੰਬਰ ਸੱਤ ’ਚ ਪੈਂਦੇ ਬੂਥ ਨੰਬਰ 72, ਗੁਰਦਾਸਪੁਰ ਦੇ ਪਿੰਡ ਚਾਹੀਆ ਦੇ ਬੂਥ ਨੰਬਰ 124 ਅਤੇ ਬਰਨਾਲਾ ਜ਼ਿਲ੍ਹੇ ਦੇ ਚੰਨਣਵਾਲ ਜ਼ੋਨ ਦੇ ਪਿੰਡ ਰਾਇਸਰ ਬਰਨਾਲਾ ਦੇ ਬੂਥ ਨੰਬਰ 20 ’ਚ ਮੁੜ ਚੋਣ ਹੋਵੇਗੀ। ਪੰਚਾਇਤ ਸਮਿਤੀ ਅਟਾਰੀ ਦੇ ਪਿੰਡ ਖਾਸਾ ਦੇ ਬੂਥ ਨੰਬਰ 52 ਤੋਂ 55 ਤੱਕ ਅਤੇ ਪਿੰਡ ਵਰਪਾਲ ਕਲਾਂ ਦੇ ਬੂਥ ਨੰਬਰ 90 ਤੋਂ 95 ਤੱਕ ਦੀ ਚੋਣ ਵੀ ਮੁੜ ਹੋਵੇਗੀ। ਚੋਣ ਕਮਿਸ਼ਨ ਨੇ ਪਿੰਡ ਚਾਹੀਆ ਦੇ ਪ੍ਰੀਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ’ਤੇ ਬੈਲੇਟ ਬਕਸ ਲੈ ਕੇ ਫ਼ਰਾਰ ਹੋਣ ਦੀ ਸ਼ਿਕਾਇਤ ਮਿਲਣ ਉਪਰੰਤ ਉਸ ਨੂੰ ਤਬਦੀਲ ਕਰ ਦਿੱਤਾ। ਬਰਨਾਲਾ ਦੇ ਪਿੰਡ ਰਾਇਸਰ ਪਟਿਆਲਾ ’ਚ ਬੈਲੇਟ ਪੇਪਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਨਹੀਂ ਸੀ। ਅੰਮ੍ਰਿਤਸਰ ਦੇ ਪਿੰਡ ਖਾਸਾ ’ਚ ਵੀ ਬੈਲੇਟ ਪੇਪਰ ’ਤੇ ਗਲਤ ਚੋਣ ਨਿਸ਼ਾਨ ਛਪਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਅਟਾਰੀ ਹਲਕੇ ਦੇ ਪਿੰਡ ਵਰਪਾਲ ’ਚ ਬੈਲੇਟ ਪੇਪਰ ’ਚ ਕੁੱਝ ਗ਼ਲਤੀਆਂ ਦਾ ਜ਼ਿਕਰ ਸਾਹਮਣੇ ਆਇਆ ਹੈ।
ਅਕਾਲੀ ਉਮੀਦਵਾਰ ਦੇ ਪਤੀ ਦਾ ਦੇਹਾਂਤ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਹਲਕਾ ਬਹਿਮਣ ਦੀਵਾਨਾ ਜ਼ਿਲ੍ਹਾ ਪਰਿਸ਼ਦ ਜ਼ੋਨ ਤੋਂ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਦੇ ਪਤੀ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਦੀ ਚੋਣ ਪਰਚੀ ਲੈ ਕੇ ਹੋਈ ਤਕਰਾਰ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਬੀ ਪੀ ਅਚਾਨਕ ਵੱਧ ਗਿਆ ਸੀ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਥੇਦਾਰ ਜਗਸੀਰ ਸਿੰਘ ਬੱਲੂਆਣਾ ਸਾਬਕਾ ਸਰਪੰਚ ਟਹਿਲ ਸਿੰਘ ਦੇ ਪਿਤਾ ਸਨ। ਜਥੇਦਾਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ ਉਨ੍ਹਾਂ ਦੇ ਘਰ ਪੁੱਜੇ। ਇਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਦੇ ਓ ਐੱਸ ਡੀ ਗੁਰਚਰਨ ਸਿੰਘ, ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਗੋਲਡੀ ਅਤੇ ਹੋਰ ਆਗੂ ਸ਼ਾਮਲ ਹਨ।

