ਸ਼ਾਹਕੋਟ: ਸਾਲ 1952 ਵਿਚ ਸਾਈਂ ਨਿਰੰਜਨ ਦਾਸ ਦੇ ਘਰ ਪੈਦਾ ਹੋਣ ਵਾਲੇ ਪੂਰਨ ਸ਼ਾਹਕੋਟੀ ਨੇ ਸ਼ਾਹਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜ ਜਮਾਤਾਂ ਪਾਸ ਕਰਨ ਉਪਰੰਤ ਅੱਠਵੀ ਦੀ ਪੜ੍ਹਾਈ ਸਰਕਾਰੀ ਮਿਡਲ ਸਕੂਲ (ਨਿੰਮਾਂ ਵਾਲਾ) ਸ਼ਾਹਕੋਟ ਤੋਂ ਪ੍ਰਾਪਤ ਕੀਤੀ। ਖਾਲਸਾ ਸਕੂਲ ਨੰਗਲ ਅੰਬੀਆਂ (ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ਤੋਂ ਉਨ੍ਹਾਂ ਦਸਵੀਂ ਪਾਸ ਕੀਤੀ। ਗਾਇਕੀ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ।
ਮੁੱਢਲੇ ਦੌਰ ਵਿਚ ਉਹ ਕੱਵਾਲ ਦੀਨਾ, ਕੱਵਾਲ ਰੂੜਾ ਅਤੇ ਬੇਗਮ ਅਖ਼ਤਰ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਿਤ ਸਨ। ਗਾਇਕੀ ਵਿਚ ਉਨ੍ਹਾਂ ਦਾ ਪਹਿਲਾ ਉਸਤਾਦ ਪਿਤਾ ਹੀ ਸਨ। ਸੰਗੀਤ ਦੀਆਂ ਬਾਰੀਕੀਆਂ ਉਨ੍ਹਾਂ ਉਸਤਾਦ ਬਾਕਰ ਹੁਸੈਨ ਪਟਿਆਲਾ ਵਾਲੇ ਤੋਂ ਸਿੱਖੀਆਂ। ਪੂਰਨ ਸ਼ਾਹਕੋਟੀ ਨੇ ਭਾਵੇਂ ਗਿਣਤੀ ਪੱਖੋਂ ਬਹੁਤ ਘੱਟ ਗਾਇਆ ਪਰ ਜਿੰਨਾ ਵੀ ਗਾਇਆ ਪਾਏਦਾਰ ਤੇ ਸਾਹਿਤਕ ਗਾਇਆ। ਸ਼ਾਹਕੋਟ ਵਿਚ ਹੀ ਉਨ੍ਹਾਂ ਹੰਸ ਰਾਜ ਹੰਸ ਨੂੰ ਗਾਇਕੀ ਦੇ ਗੁਰ ਸਿਖਾਏ। ਗਾਇਕ ਸਾਬਰਕੋਟੀ, ਜਸਬੀਰ ਜੱਸੀ ਅਤੇ ਕੁਲਵਿੰਦਰ ਸ਼ਾਹਕੋਟੀ ਤੋਂ ਇਲਾਵਾ ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਸੂਚੀ ਹੈ। ਉਨ੍ਹਾਂ ਦੀ ਫੁਲਵਾੜੀ ਵਿਚੋਂ ਕਾਲੂ, ਮਾਸਟਰ ਸਲੀਮ ਅਤੇ ਪਰਵੇਜ਼ ਵੀ ਗਾਇਕੀ ਦੇ ਖੇਤਰ ਵਿਚ ਚੰਗਾ ਨਾਮਣਾ ਖੱਟ ਚੁੱਕੇ ਹਨ। ਬੇਸ਼ੱਕ ਉਹ ਲੰਮੇ ਸਮੇਂ ਤੋਂ ਜਲੰਧਰ ਜਾ ਵਸੇ ਸਨ ਪਰ ਸ਼ਾਹਕੋਟ ਵਿਚ ਉਨ੍ਹਾਂ ਦਾ ਹਮੇਸ਼ਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਉਨ੍ਹਾਂ ਦਾ ਪੁੱਤਰ ਕਾਲੂ ਅਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਹਕੋਟ ਵਿਚ ਹੀ ਰਹਿ ਰਹੇ ਹਨ। ਗਾਇਕ ਕੁਲਵਿੰਦਰ ਸ਼ਾਹਕੋਟੀ ਨੇ ਪੂਰਨ ਸ਼ਾਹਕੋਟੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਪੰਜਾਬੀ ਗਾਇਕੀ ਦਾ ਇਕ ਹੋਰ ਚੰਦ ਗੋਡੀ ਮਾਰ ਗਿਆ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਾ. ਨਵਜੰਤ ਸਿੰਘ ਦਾਹੀਆ, ਪੀ ਏ ਸੋਨੂੰ ਕੰਗ, ਇਨਫੋਟੈਕ ਪੰਜਾਬ ਦੀ ਡਾਇਰੈਕਟਰ ਰਣਜੀਤ ਕੌਰ ਕਾਕੜ, ਕੌਂਸਲਰ ਪਰਵੀਨ ਗਰੋਵਰ, ਬੂਟਾ ਸਿੰਘ ਕਲਸੀ, ਰਮੇਸ਼ ਹੰਸ, ਮਨਦੀਪ ਸਿੰਘ ਝੀਤਾ ਅਤੇ ਰਸ਼ੀਦ ਮਸੀਹ ਨੇ ਪੂਰਨ ਸ਼ਾਹਕੋਟੀ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

