ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ, ਇਥੋਪੀਆ ਤੇ ਓਮਾਨ ਦੇ ਦੌਰੇ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ, ਇਥੋਪੀਆ ਤੇ ਓਮਾਨ ਦੇ ਦੌਰੇ ਲਈ ਰਵਾਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜੌਰਡਨ, ਇਥੋਪੀਆ ਤੇ ਓਮਾਨ ਦੇ ਤਿੰਨ ਮੁਲਕੀ ਦੌਰੇ ਲਈ ਰਵਾਨਾ ਹੋ ਗਏ, ਜੋ ਇਨ੍ਹਾਂ ਮੁਲਕਾਂ ਨਾਲ ਭਾਰਤ ਦੇ ਇਤਿਹਾਸਕ ਤੇ ਰਣਨੀਤਕ ਸਬੰਧਾਂ ਨੂੰ ਉਜਾਗਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਐਕਸ ’ਤੇ ਇਕ ਬਿਆਨ ਵਿਚ ਕਿਹਾ ਕਿ ਇਹ ਦੌਰਾ ‘ਤਿੰਨ ਮੁਲਕਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗਾ ਜਿਨ੍ਹਾਂ ਨਾਲ ਭਾਰਤ ਪੁਰਾਣੇ ਸੱਭਿਆਚਾਰਕ ਸਬੰਧਾਂ ਅਤੇ ਵਿਆਪਕ ਸਮਕਾਲੀ ਦੁਵੱਲੇ ਸਬੰਧਾਂ ਨੂੰ ਸਾਂਝਾ ਕਰਦਾ ਹੈ।’’

ਪ੍ਰਧਾਨ ਮੰਤਰੀ ਮੋਦੀ ਦੇ ਤਿੰਨ ਮੁਲਕੀ ਦੌਰੇ ਦਾ ਪਹਿਲਾ ਪੜਾਅ ਜੌਰਡਨ ਦਾ ਹਾਸ਼ਮਾਈਟ ਕਿੰਗਡਮ ਹੋਵੇਗਾ, ਜਿੱਥੇ ਉਹ ਸਮਰਾਟ ਅਬਦੁੱਲਾ II ਇਬਨ ਅਲ ਹੁਸੈਨ, ਪ੍ਰਧਾਨ ਮੰਤਰੀ ਜਾਫਰ ਹਸਨ ਅਤੇ ਸ਼ਹਿਜ਼ਾਦੇ ਅਲ ਹੁਸੈਨ ਬਿਨ ਅਬਦੁੱਲਾ II ਨਾਲ ਮੁਲਾਕਾਤ ਕਰਨਗੇ। ਇਹ ਦੌਰਾ ਭਾਰਤ ਅਤੇ ਜੌਰਡਨ ਵਿਚਕਾਰ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਨਾਲ ਮੇਲ ਖਾਂਦਾ ਹੈ। ਪ੍ਰਧਾਨ ਮੰਤਰੀ ਅੰਮਾਨ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਸੰਬੋਧਨ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਵੀਕਾਰ ਕਰਨਗੇ।ਅੰਮਾਨ ਤੋਂ ਸ੍ਰੀ ਮੋਦੀ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਦੇ ਸੱਦੇ ’ਤੇ ਇਥੋਪੀਆ ਦੀ ਯਾਤਰਾ ਕਰਨਗੇ। ਇਹ ਪੂਰਬੀ ਅਫਰੀਕੀ ਦੇਸ਼ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਅਫਰੀਕੀ ਯੂਨੀਅਨ ਦੇ ਮੁੱਖ ਦਫਤਰ ਵਜੋਂ ਇਥੋਪੀਆ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੋਸਟ ਵਿਚ ਕਿਹਾ ਕਿ 2023 ਵਿੱਚ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ, ਅਫਰੀਕੀ ਯੂਨੀਅਨ ਨੂੰ ਸਮੂਹ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਸ੍ਰੀ ਮੋਦੀ ਅਦੀਸ ਅਬਾਬਾ ਵਿੱਚ ਆਪਣੇ ਹਮਰੁਤਬਾ ਨਾਲ ਵਿਸਤ੍ਰਿਤ ਚਰਚਾ ਕਰਨਗੇ, ਭਾਰਤੀ ਪਰਵਾਸੀਆਂ ਨਾਲ ਗੱਲਬਾਤ ਕਰਨਗੇ ਅਤੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਭਾਰਤ ਦੀਆਂ ਜਮਹੂਰੀ ਰਵਾਇਤਾਂ ਅਤੇ ਗਲੋਬਲ ਸਾਊਥ ਨਾਲ ਸਹਿਯੋਗ ਬਾਰੇ ਬੋਲਣ ਦੀ ਉਮੀਦ ਹੈ।

ਆਪਣੀ ਫੇਰੀ ਦੇ ਆਖਰੀ ਪੜਾਅ ਤਹਿਤ ਸ੍ਰੀ ਮੋਦੀ 70 ਸਾਲਾਂ ਦੇ ਕੂਟਨੀਤਕ ਸਬੰਧਾਂ ਦੀ ਯਾਦ ਵਿੱਚ ਓਮਾਨ ਦਾ ਦੌਰਾ ਕਰਨਗੇ। ਮਸਕਟ ਵਿੱਚ ਉਹ ਰਣਨੀਤਕ ਭਾਈਵਾਲੀ ਨੂੰ ਵਧਾਉਣ ਅਤੇ ਆਰਥਿਕ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਓਮਾਨ ਦੇ ਮਹਾਰਾਜ ਸੁਲਤਾਨ ਨਾਲ ਮੁਲਾਕਾਤ ਕਰਨਗੇ। ਉਹ ਭਾਰਤੀ ਭਾਈਚਾਰੇ ਦੇ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ, ਜਿਨ੍ਹਾਂ ਓਮਾਨ ਦੇ ਵਿਕਾਸ ਅਤੇ ਭਾਰਤ-ਓਮਾਨ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

Share: