ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹਾਦਸੇ ਵਿਚ ਮਾਂ-ਧੀ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ

ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹਾਦਸੇ ਵਿਚ ਮਾਂ-ਧੀ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ

ਤਪਾ ਮੰਡੀ: ਇਥੇ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਕਾਰ ਸਵਾਰ ਮਾਂ ਧੀ ਦੀ ਮੌਤ ਹੋ ਗਈ, ਜਦ ਕਿ ਮ੍ਰਿਤਕ ਬੱਚੀ ਦਾ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੀੜਤ ਪਰਿਵਾਰ ਮਾਡਲ ਟਾਊਨ ਤਪਾ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਮੰਗਲੇਸ਼ ਗਰਗ ਪੁੱਤਰ ਨਰੇਸ਼ ਕੁਮਾਰ ਆਪਣੀ ਪਤਨੀ ਵਿਸ਼ਾਲੀ ਅਤੇ ਬੇਟੀ ਮਾਇਰਾ (2) ਨਾਲ ਕਾਰ ਵਿਚ ਸਵਾਰ ਹੋ ਕੇ ਬਰਨਾਲਾ ਤੋਂ ਤਪਾ ਪਰਤ ਰਿਹਾ ਸੀ। ਜਦੋ ਉਹ ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਕਾਰ ਦੀ ਅੱਗੇ ਜਾ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਪਰਿਵਾਰ ਦੇ ਤਿੰਨੇ ਜੀਅ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਫੋਰਸ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ, ਜਿਨ੍ਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ। ਇਥੇ ਬੱਚੀ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਤੀ ਪਤਨੀ ਨੂੰ ਮੁੱਢਲੀ ਸਹਾਇਤਾ ਦੇ ਕੇ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਜ਼ਖ਼ਮਾਂ ਦੀ ਤਾਬ ਝੱਲਦੇ ਹੋਏ ਪਤਨੀ ਦਮ ਤੋੜ ਗਈ, ਜਦ ਕਿ ਪਤੀ ਡੀ.ਐਮ.ਸੀ ਲੁਧਿਆਣਾ ਵਿਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਤਪਾ ਸ਼ਹਿਰ ’ਚ ਸੋਗ ਦੀ ਲਹਿਰ ਹੈ।

Share: