ਲੁਧਿਆਣਾ: ਭਿਆਨਕ ਅੱਗ ਲੱਗਣ ਕਾਰਨ ਇਮਾਰਤ ਅਤੇ ਫੈਕਟਰੀ ਸੜੇ

ਲੁਧਿਆਣਾ: ਭਿਆਨਕ ਅੱਗ ਲੱਗਣ ਕਾਰਨ ਇਮਾਰਤ ਅਤੇ ਫੈਕਟਰੀ ਸੜੇ

ਲੁਧਿਆਣਾ: ਲੁਧਿਆਣਾ ਦੇ ਗਾਂਧੀ ਨਗਰ ਦੀ ਗਲੀ ਨੰਬਰ 6 ਵਿੱਚ ਸੋਮਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ ਲੱਖਾਂ ਰੁਪਏ ਦਾ ਸਾਮਾਨ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਇਸ ਹਾਦਸੇ ਵਿੱਚ ਇੱਕ ਤਿੰਨ ਮੰਜ਼ਿਲਾ ਕੋਠੀ ਅਤੇ ਨਾਲ ਲੱਗਦੀ ਫੈਕਟਰੀ ਪੂਰੀ ਤਰ੍ਹਾਂ ਸੜ ਗਏ। ਅੱਗ ਦੀ ਤਪਸ਼ ਕਾਰਨ ਆਲੇ-ਦੁਆਲੇ ਦੀਆਂ ਕਈ ਹੋਰ ਇਮਾਰਤਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਅਤੇ ਭਿਆਨਕ ਤਰੀਕੇ ਨਾਲ ਫੈਲੀਆਂ ਕਿ ਅੱਗ ਬੁਝਾਊ ਦਸਤੇ ਦੀ ਪਹਿਲੀ ਗੱਡੀ ਨੂੰ ਆਪਣਾ ਬਚਾਅ ਕਰਨ ਲਈ ਪਿੱਛੇ ਹਟਣਾ ਪਿਆ।

ਸਥਾਨਕ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਰਾਤ ਕਰੀਬ 11 ਵਜੇ ਕਬਾੜ ਦੇ ਵਪਾਰੀ ਰਾਜਨ ਦੀ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਨੂੰ ਅੱਗ ਲੱਗ ਗਈ ਸੀ। ਹਾਲਾਂਕਿ ਵਸਨੀਕਾਂ ਨੇ ਆਪਣੇ ਸੀਮਤ ਸਾਧਨਾਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਹੀ ਮਿੰਟਾਂ ਵਿੱਚ ਅੱਗ ਹੇਠਲੀਆਂ ਮੰਜ਼ਿਲਾਂ ਅਤੇ ਨਾਲ ਲੱਗਦੀ ਹੋਜ਼ਰੀ ਦੇ ਇੱਕ ਹਿੱਸੇ ਤੱਕ ਫੈਲ ਗਈ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ਲਈ ਪੰਜ ਘੰਟੇ ਤੋਂ ਵੱਧ ਸਮਾਂ ਲੱਗਾ। ਹਾਲਾਂਕਿ ਪੁਲੀਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਕਰਨੀ ਹੈ, ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਸ਼ਾਰਟ-ਸਰਕਟ ਇਸ ਘਟਨਾ ਦੇ ਪਿੱਛੇ ਇੱਕ ਕਾਰਨ ਹੋ ਸਕਦਾ ਹੈ।

Share: