ਕੋਚੀ ਨੁਮਾਇਸ਼ ਵਿੱਚ ਕਿਸਾਨੀ ਦੇ ਦਰਦ ਦੀ ਬਾਤ

ਕੋਚੀ ਨੁਮਾਇਸ਼ ਵਿੱਚ ਕਿਸਾਨੀ ਦੇ ਦਰਦ ਦੀ ਬਾਤ

ਕੋਚੀ: ਕਲਾਕਾਰ ਅਤੇ ਕਿਸਾਨ ਕੁਲਪ੍ਰੀਤ ਸਿੰਘ ਦੀ ਲਘੂ ਫਿਲਮ ‘ਇਨਡੈਲੀਬਲ ਬਲੈਕ’ ਕੋਚੀ-ਮੁਜ਼ੀਰਿਸ ਬਾਇਨਾਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ। ਪ੍ਰਦਰਸ਼ਨੀ ਵਿੱਚ ਉਸ ਵੱਲੋਂ ਤਿਆਰ ਕੀਤੇ ਗਏ ਚਿੱਤਰਾਂ ਅਤੇ ਲਘੂ ਫਿਲਮ ਨੂੰ ਸਾਂਝੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਉਸ ਨੇ ਕਲਾ ਰਾਹੀਂ ਕਈ ਭਖਦੇ ਮਸਲਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਹਵਾ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ’ਤੇ ਇਤਰਾਜ਼ ਜਤਾਇਆ ਹੈ। ਉਹ ਆਖਦਾ ਹੈ ਕਿ ਪ੍ਰਦੂਸ਼ਣ ਲਈ ਉਦਯੋਗ, ਆਵਾਜਾਈ, ਜੰਗ ਵਰਗੀਆਂ ਗਤੀਵਿਧੀਆਂ ਅਤੇ ਹੋਰ ਕਾਰਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਪਰ ਕਿਸਾਨਾਂ ਨੂੰ ਸਿਆਸਤ ਤਹਿਤ ਮੋਹਰਾ ਬਣਾਇਆ ਜਾਂਦਾ ਹੈ।

ਕੁਲਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਪ੍ਰਦੂਸ਼ਣ ਲਈ ਕਈ ਹੋਰ ਕਾਰਨ ਜ਼ਿੰਮੇਵਾਰ ਹਨ ਤਾਂ ਸਿਰਫ਼ ਕਿਸਾਨਾਂ ਨੂੰ ਹੀ ਕਿਉਂ ਦੋਸ਼ੀ ਮੰਨਿਆ ਜਾਂਦਾ ਹੈ? ਪ੍ਰਦੂਸ਼ਣ ਲਈ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਦੱਸਣ ਵਾਲੀ ਸਿਆਸਤ ਦਾ ਵਿਰੋਧ ਕਰਦਿਆਂ ਉਸ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ। ਕਿਸਾਨ ਕੋਲ ਇੰਨੇ ਪੈਸੇ ਅਤੇ ਸਾਧਨ ਨਹੀਂ ਹਨ ਕਿ ਉਹ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸੰਭਾਲ ਸਕੇ। ਅੱਠ ਮਿੰਟ ਦੀ ਲਘੂ ਫਿਲਮ ਵਿੱਚ ਕੁਲਪ੍ਰੀਤ ਅਤੇ ਉਸ ਦੀ ਟੀਮ ਨੂੰ ਪਰਾਲੀ ਸਾੜਦੇ ਦਿਖਾਇਆ ਗਿਆ ਹੈ ਅਤੇ ਪਿੱਛੇ ਚੱਲਦੇ ਸੰਗੀਤ ਵਿੱਚ ਉਦਯੋਗਿਕ ਗਤੀਵਿਧੀਆਂ, ਵਾਹਨਾਂ ਦੀ ਆਵਾਜ਼, ਧਮਾਕਿਆਂ, ਪਟਾਕਿਆਂ, ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਗਈ ਹੈ। ਉਸ ਨੇ ਇਸ ਰਾਹੀਂ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਹੈ। ਪ੍ਰਦਰਸ਼ਨੀ ਵਾਲੀ ਥਾਂ ’ਤੇ ਕੁਲਪ੍ਰੀਤ ਸਿੰਘ ਨੇ ਪਰਾਲੀ ਖਿਲਾਰੀ ਹੋਈ ਹੈ ਅਤੇ ਪਰਾਲੀ ਦੀ ਕਾਲਖ ਅਤੇ ਸੁਆਹ ਨਾਲ ਬਣਾਏ ਚਿੱਤਰ ਵੀ ਲਗਾਏ ਹਨ। ਕੁਲਪ੍ਰੀਤ ਸਿੰਘ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਉੱਥੋਂ ਕਿਸਾਨਾਂ ਦੇ ਚੁੱਲ੍ਹਿਆਂ ਤੋਂ ਇਕੱਠੀ ਕੀਤੀ ਗਈ ਸੁਆਹ ਨਾਲ ਵੀ ਚਿੱਤਰ ਬਣਾਏ ਹਨ। ਪ੍ਰਦਰਸ਼ਨੀ 12 ਦਸੰਬਰ ਨੂੰ ਸ਼ੁਰੂ ਹੋਈ ਹੈ ਜਿਸ ਵਿੱਚ 25 ਤੋਂ ਵੱਧ ਦੇਸ਼ਾਂ ਦੇ 66 ਕਲਾਕਾਰ ਹਿੱਸਾ ਲੈ ਰਹੇ ਹਨ ਅਤੇ 31 ਮਾਰਚ 2026 ਤੱਕ ਚੱਲੇਗੀ।

Share: