ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਣਾ ਦਾ ਕੈਨੇਡਾ ਵਿੱਚ ਕਤਲ; ਮੁਲਜ਼ਮ ਦੀ ਭਾਲ ਲਈ ਦੇਸ਼-ਵਿਆਪੀ ਵਾਰੰਟ ਜਾਰੀ

ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਣਾ ਦਾ ਕੈਨੇਡਾ ਵਿੱਚ ਕਤਲ; ਮੁਲਜ਼ਮ ਦੀ ਭਾਲ ਲਈ ਦੇਸ਼-ਵਿਆਪੀ ਵਾਰੰਟ ਜਾਰੀ

ਟੋਰਾਂਟੋ: ਟੋਰਾਂਟੋ ਵਿੱਚ ਭਾਰਤੀ ਨਾਗਰਿਕ ਦੇ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤੀ ਕੌਂਸੁਲੇਟ ਨੇ ਬੁੱਧਵਾਰ ਨੂੰ ਟੋਰਾਂਟੋ ਵਿੱਚ ਇੱਕ ਨੌਜਵਾਨ ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਣਾ ਦੇ ਕਤਲ ਸਬੰਧੀ ਪੋਸਟ ਸਾਂਝੀ ਕੀਤੀ ਹੈ। ਐਕਸ (X) ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ, ਕੌਂਸੁਲੇਟ ਨੇ ਕਿਹਾ ਕਿ ਉਹ, ‘ਟੋਰਾਂਟੋ ਵਿੱਚ ਇੱਕ ਨੌਜਵਾਨ ਭਾਰਤੀ ਨਾਗਰਿਕ ਕੁਮਾਰੀ ਹਿਮਾਂਸ਼ੀ ਖੁਰਾਣਾ ਦੇ ਕਤਲ ਤੋਂ ਦੁਖੀ ਅਤੇ ਹੈਰਾਨ ਹਨ,” ਅਤੇ ਕੌਂਸੁਲੇਟ ਨੇ ਇਸ ਡੂੰਘੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।

ਕੌਂਸੁਲੇਟ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਦੇ ਨਜ਼ਦੀਕੀ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਰਹਿਣ ਦੇ ਨਾਲ-ਨਾਲ ਸਥਾਨਕ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਕਰਕੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਬਿਆਨ ਟੋਰਾਂਟੋ ਪੁਲੀਸ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਇੱਕ 30 ਸਾਲਾ ਭਾਰਤੀ ਮੂਲ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਸ਼ੱਕੀ ਵਿਅਕਤੀ ਜੋ ਪੀੜਤ ਨੂੰ ਜਾਣਦਾ ਸੀ, ਵਿਰੁੱਧ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।

ਮ੍ਰਿਤਕ ਦੀ ਪਛਾਣ ਟੋਰਾਂਟੋ ਦੀ ਰਹਿਣ ਵਾਲੀ ਹਿਮਾਂਸ਼ੀ ਖੁਰਾਣਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਹ ਇਸ ਮਾਮਲੇ ਦੇ ਸਬੰਧ ਵਿੱਚ ਟੋਰਾਂਟੋ ਦੇ ਹੀ ਰਹਿਣ ਵਾਲੇ ਅਬਦੁਲ ਗਫੂਰੀ (32) ਦੀ ਭਾਲ ਕਰ ਰਹੇ ਹਨ। ਸੀਬੀਸੀ ਨਿਊਜ਼ (CBC News) ਦੇ ਅਨੁਸਾਰ ਜਾਂਚਕਰਤਾਵਾਂ ਨੇ ਕਿਹਾ ਕਿ ਇਹ ਘਟਨਾ “ਇੰਟੀਮੇਟ ਪਾਰਟਨਰ ਵਾਇਲੈਂਸ” (ਨਜ਼ਦੀਕੀ ਸਾਥੀ ਦੀ ਹਿੰਸਾ) ਨਾਲ ਸਬੰਧਤ ਜਾਪਦੀ ਹੈ। ਟੋਰਾਂਟੋ ਪੁਲੀਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਪਹਿਲੀ ਵਾਰ ਸ਼ੁੱਕਰਵਾਰ ਦੇਰ ਰਾਤ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਸੁਚੇਤ ਕੀਤਾ ਗਿਆ ਸੀ।

ਪੁਲਿਸ ਨੇ ਕਿਹਾ, “ਸ਼ੁੱਕਰਵਾਰ, 19 ਦਸੰਬਰ, 2025 ਨੂੰ ਰਾਤ ਲਗਭਗ 10:41 ਵਜੇ, ਪੁਲਿਸ ਨੇ ਸਟ੍ਰੈਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਖੇਤਰ ਵਿੱਚ ਇੱਕ ਲਾਪਤਾ ਵਿਅਕਤੀ ਦੀ ਕਾਲ ਦਾ ਜਵਾਬ ਦਿੱਤਾ।” ਭਾਲ ਰਾਤ ਭਰ ਜਾਰੀ ਰਹੀ। ਉਨ੍ਹਾਂ ਦੱਸਿਆ, ‘ਸ਼ਨਿਚਰਵਾਰ, 20 ਦਸੰਬਰ, 2025 ਨੂੰ ਸਵੇਰੇ ਲਗਪਗ 6:30 ਵਜੇ, ਅਧਿਕਾਰੀਆਂ ਨੇ ਲਾਪਤਾ ਮਹਿਲਾ ਦੀ ਲਾਸ਼ ਇੱਕ ਰਿਹਾਇਸ਼ ਦੇ ਅੰਦਰੋਂ ਬਰਾਮਦ ਕੀਤੀ।’’

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੌਤ ਨੂੰ ਕਤਲ (ਹੋਮੀਸਾਈਡ) ਵਜੋਂ ਦੇਖਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਪੀੜਤ ਅਤੇ ਸ਼ੱਕੀ ਇੱਕ ਦੂਜੇ ਨੂੰ ਜਾਣਦੇ ਸਨ। ਗਫੂਰੀ ਫਰਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਲਈ ਕੈਨੇਡਾ-ਵਿਆਪੀ ਵਾਰੰਟ ‘ਤੇ ਲੋੜੀਂਦਾ ਹੈ।

Share: